ਨੂਰਾ ਕੁਸ਼ਤੀ ਖੇਡ ‘ਚ ਜਨਤਾ ਨੂੰ ਬੁੱਧੂ ਬਣਾ ਰਹੇ ਹਨ ਕੈਪਟਨ ਤੇ ਮੋਦੀ- ਹਰਪਾਲ ਸਿੰਘ ਚੀਮਾ

Harpal Singh Cheema aap Leader LoP

ਰਣਇੰਦਰ ਈਡੀ ਮਾਮਲਾ
ਜਾਂਚ ਨਿਰਪੱਖ ਅਤੇ ਸਮਾਂਬੱਧ ਹੁੰਦੀ ਤਾਂ ਹੁਣ ਤੱਕ ਸਲਾਖ਼ਾਂ ਪਿੱਛੇ ਹੁੰਦਾ ਕੈਪਟਨ ਦਾ ਯੁਵਰਾਜ- ‘ਆਪ’

ਜਲੰਧਰ, 24 ਅਕਤੂਬਰ 2020
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਕੇਂਦਰੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਫੇਮਾ ਐਕਟ ਅਧੀਨ ਭ੍ਰਿਸ਼ਟਾਚਾਰ ਦੇ ਕੇਸ ‘ਚ ਤਲਬ ਕੀਤੇ ਜਾਣ ਦੇ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂਰਾ-ਕੁਸ਼ਤੀ ਖੇਡ ਕੇ ਪੰਜਾਬ ਅਤੇ ਦੇਸ਼ ਦੀ ਜਨਤਾ ਨੂੰ ਬੇਵਕੂਫ਼ ਬਣਾ ਰਹੇ ਹਨ। ਜਨਤਾ ਨੂੰ ਅਮਰਿੰਦਰ ਸਿੰਘ ਅਤੇ ਮੋਦੀ ਦੀਆਂ ਸੈਟਿੰਗਜ਼ ਤੋਂ ਸੁਚੇਤ ਹੋਣ ਦੀ ਲੋੜ ਹੈ।
ਇੱਥੋਂ ਪਾਰਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਦੀ ਪਿਛਲੀ (2004-2007) ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦੀ ਕਾਲੀ ਕਮਾਈ ਨੂੰ ਰਣਇੰਦਰ ਸਿੰਘ ਨੇ ਸਵਿਟਜ਼ਰਲੈਂਡ ਦੀਆਂ ਬੈਂਕਾਂ ‘ਚ ਭੇਜਣ ਅਤੇ ਬਹੁਚਰਚਿਤ ਜਕਰਾਂਦਾ ਟਰੱਸਟ ਆਇਲੈਂਡ ਵਿਖੇ ਮੋਟਾ ਲੈਣ-ਦੇਣ ਕਰਨ ਵਾਲੇ ਮਾਮਲੇ ‘ਚ ਈਡੀ ਕੋਲ ਕਾਫ਼ੀ ਸਬੂਤ ਹਨ, ਪਰੰਤੂ ਈਡੀ ਵੱਲੋਂ ਫ਼ੌਰਨ-ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਪਿਛਲੇ 4 ਸਾਲਾਂ ਤੋਂ ਕੇਸ ਚੱਲ ਰਿਹਾ ਹੈ, ਪਰੰਤੂ ਐਨਾ ਵੱਡਾ ਭ੍ਰਿਸ਼ਟਾਚਾਰ ਕਰਨ ਦੇ ਬਾਵਜੂਦ ਨਰਿੰਦਰ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਪਰਿਵਾਰ ਨੂੰ ਹੱਥ ਨਹੀਂ ਪਾਇਆ। ਜਦਕਿ ਜੇਕਰ ਮੋਦੀ ਅਤੇ ਕੈਪਟਨ ਦੀ ਆਪਸ ‘ਚ ਸਿਆਸੀ ਸੈਟਿੰਗ ਨਾ ਹੁੰਦੀ ਅਤੇ ਵਿਦੇਸ਼ੀ ਬੈਂਕਾਂ ‘ਚ ਗਏ ਇਸ ਕਾਲੇ ਧਨ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਹੁੰਦੀ ਤਾਂ ਹੁਣ ਤੱਕ ਰਣਇੰਦਰ ਸਿੰਘ ਸਲਾਖ਼ਾਂ ਪਿੱਛੇ ਹੁੰਦੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੇ ਅੰਨ੍ਹੇਵਾਹ ਭ੍ਰਿਸ਼ਟਾਚਾਰ ਵਿਦੇਸ਼ੀ ਬੈਂਕ ਖਾਤੇ, ਵਿਦੇਸ਼ੀ ਮਹਿਮਾਨਨਿਵਾਜ਼ੀ ਅਤੇ ਹਰ ਹਾਲ ਸੱਤਾ ‘ਚ ਬਣੇ ਰਹਿਣ ਦੀ ਲਾਲਸਾ ਵਰਗੀਆਂ ਕਮਜ਼ੋਰੀਆਂ ਕਾਰਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ‘ਤੇ ਨੱਚਦੇ ਹਨ। ਜਿਸ ਦੇ ਬਦਲੇ ਨਰਿੰਦਰ ਮੋਦੀ ਸ਼ਾਹੀ ਪਰਿਵਾਰ ਦੇ ਭ੍ਰਿਸ਼ਟਾਚਾਰ ਨੂੰ ਨਜ਼ਰਅੰਦਾਜ਼ ਕਰਦੇ ਹਨ।