ਪਟਿਆਲਾ ਜ਼ਿਲ੍ਹੇ ਅੰਦਰ ਪੈਨਸ਼ਨ ਕੈਂਪ ਅੱਜ

ਪਟਿਆਲਾ ਜ਼ਿਲ੍ਹੇ ਅੰਦਰ ਪੈਨਸ਼ਨ ਕੈਂਪ ਅੱਜ

ਪਟਿਆਲਾ, 6 ਸਤੰਬਰ:

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵੱਖ-ਵੱਖ ਸਮਾਜਿਕ ਸੁਰੱਖਿਆ ਸਕੀਮਾਂ ਦੀਆਂ ਪੈਨਸ਼ਨਾਂ ਦੇ ਲਾਭ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪੁੱਜਦਾ ਕਰਨ ਲਈ ਜ਼ਿਲ੍ਹੇ ਦੇ ਸਮੂਹ ਵਿਧਾਇਕਾਂ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਅੰਦਰ 7 ਸਤੰਬਰ ਨੂੰ ਵਿਸ਼ੇਸ਼ ਪੈਨਸ਼ਨ ਕੈਂਪ ਲਗਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਪਾਤੜਾਂ ਦਾ ਪੈਨਸ਼ਨ ਕੈਂਪ ਪਿੰਡ ਸਧਾਰਨਪੁਰ ਦੇ ਗੁਰੂਦੁਆਰਾ ਸਾਹਿਬ ਵਿਖੇ ਲੱਗੇਗਾ ਤੇ ਘਨੌਰ ਬਲਾਕ ਦਾ ਕੈਂਪ ਪਿੰਡ ਨਨਹੇੜਾ ਦੇ ਗੁਰੂਦੁਆਰਾ ਸਾਹਿਬ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਭੁਨਰਹੇੜੀ ਬਲਾਕ ਦਾ ਕੈਂਪ ਕਮਿਊਨਟੀ ਸੈਂਟਰ ਭੁਨਰਹੇੜੀ ਵਿਖੇ ਤੇ ਰਾਜਪੁਰਾ ਬਲਾਕ ਦਾ ਕੈਂਪ ਪਿੰਡ ਜਾਂਸਲਾ ਦੇ ਪੰਚਾਇਤ ਘਰ ਵਿੱਚ ਲਗਾਇਆ ਜਾਵੇਗਾ।
ਇਸੇ ਤਰ੍ਹਾਂ ਹੀ ਸਮਾਣਾ ਬਲਾਕ ਦਾ ਕੈਂਪ ਪਿੰਡ ਕੁਲਾਰਾ ਵਿਖੇ ਸ਼ਾਬਾ ਮੰਗੇਸਵਰ ਮੰਦਿਰ ਵਿਖੇ ਲਗਾਇਆ ਜਾਵੇਗਾ। ਜਦੋਂਕਿ ਨਾਭਾ ਬਲਾਕ ਦਾ ਪੈਨਸ਼ਨ ਕੈਂਪ ਵਾਰਡ ਨੰਬਰ 14 ਵਿਖੇ ਬੋੜਾ ਗੇਟ ਵਿਖੇ ਧਰਮਸ਼ਾਲਾ ਵਿੱਚ ਲਗਾਇਆ ਜਾਵੇਗਾ। ਇਸੇ ਤਰ੍ਹਾਂ ਹੀ ਪਟਿਆਲਾ ਅਰਬਨ ਦਾ ਕੈਂਪ ਯਾਦਵਿੰਦਰਾ ਕਲੋਨੀ ਨੇੜੇ ਪਾਣੀ ਦੀ ਟੈਂਕੀ ਵਿਖੇ ਲੱਗੇਗਾ।

ਇਨ੍ਹਾਂ ਕੈਂਪਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜੋਬਨਦੀਪ ਕੌਰ ਨੇ ਦੱਸਿਆ ਕਿ ਇਸ ਦੌਰਾਨ ਬੁਢਾਪਾ ਪੈਨਸ਼ਨ, ਵਿਧਵਾ ਤੇ ਨਿਆਸ਼ਰਿਤ ਔਰਤਾਂ ਲਈ ਵਿੱਤੀ ਸਹਾਇਤਾ, ਆਸ਼ਰਿਤ ਬੱਚਿਆਂ ਲਈ ਵਿੱਤੀ ਸਹਾਇਤਾ ਸਮੇਤ ਅਪੰਗ ਵਿਅਕਤੀਆਂ ਲਈ ਵਿੱਤੀ ਸਹਾਇਤਾ ਸਕੀਮਾਂ ਦੇ ਲਾਭਪਾਤਰੀਆਂ ਦੇ ਫਾਰਮ ਭਰਨ ਸਮੇਤ ਹੋਰ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇਗਾ।