-ਈ-ਵੋਟਰ ਡਾਊਨਲੋਡ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਨੂੰ ਕੀਤਾ ਜਾਵੇਗਾ ਸਨਮਾਨਤ
-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਂਪਸ ਅੰਬੈਸਡਰਾਂ ਨੂੰ ਈ-ਐਪਿਕ ਰਾਹੀਂ ਵੋਟਰ ਕਾਰਡ ਡਾਊਨਲੋਡ ਕਰਨ ਦੀ ਦਿੱਤੀ ਟਰੇਨਿੰਗ
ਪਟਿਆਲਾ, 24 ਫਰਵਰੀ:
ਭਾਰਤ ਚੋਣ ਕਮਿਸ਼ਨ ਵੱਲੋਂ 11ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਈ-ਐਪਿਕ (ਈ ਵੋਟਰ ਸ਼ਨਾਖਤੀ ਕਾਰਡ) ਡਾਊਨਲੋਡ ਕਰਨ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹੁਣ ਵੋਟਰ ਆਪਣਾ ਵੋਟਰ ਕਾਰਡ ਆਪਣੇ ਆਪ ਡਾਊਨਲੋਡ ਕਰ ਸਕਦੇ ਹਨ। ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਂਪਸ ਅੰਬੈਸਡਰਾਂ ਅਤੇ ਈ.ਐਲ.ਸੀ. ਕਲੱਬਾਂ ਦੀ ਟਰੇਨਿੰਗ ਕਰਵਾਈ ਗਈ।
ਟਰੇਨਿੰਗ ਦੌਰਾਨ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੈ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਸਰਸਰੀ ਸੁਧਾਈ-2021 ਦੌਰਾਨ ਕੁੱਲ 25,863 ਨਵੇਂ ਵੋਟਰ ਰਜਿਸਟਰ ਹੋਏ ਹਨ ਅਤੇ ਈ-ਐਪਿਕ ਦੀ ਸਹੂਲਤ ਸਭ ਤੋਂ ਪਹਿਲਾਂ ਨਵੇਂ ਵੋਟਰਾਂ ਨੂੰ ਦਿੱਤੀ ਗਈ ਹੈ ਅਤੇ ਹੌਲੀ-ਹੌਲੀ ਇਹ ਸਹੂਲਤ ਸਾਰੇ ਵੋਟਰਾਂ ਨੂੰ ਵੀ ਉਪਲਬਧ ਕਰਵਾਈ ਜਾਵੇਗੀ।
ਉਨ੍ਹਾਂ ਟਰੇਨਿੰਗ ਦੌਰਾਨ ਕੈਂਪਸ ਅੰਬੈਸਡਰਾਂ ਨੂੰ ਦੱਸਿਆ ਕਿ ਈ-ਐਪਿਕ ਰਾਹੀਂ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟਜ਼ ਅਤੇ ਵੋਟਰ ਹੈਲਪਲਾਈਨ ਮੋਬਾਇਲ ਐਪ ਤੋਂ ਰਜਿਸਟਰਡ ਮੋਬਾਇਲ ਨੰਬਰ ਰਾਹੀਂ ਈ-ਵੋਟਰ ਸ਼ਨਾਖਤੀ ਕਾਰਡ ਡਾਊਨਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 16 ਫਰਵਰੀ ਤੋਂ 15 ਮਾਰਚ ਤੱਕ ਇਕ ਮੁਹਿੰਮ ‘ਇਲੈਕਸ਼ਨ ਹੀਰੋ’ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸਭ ਤੋਂ ਵੱਧ ਵੋਟਰ ਕਾਡਰ ਡਾਊਨਲੋਡ ਕਰਵਾਉਣ ਵਾਲੇ ਕੈਂਪਸ ਅੰਬੈਸਡਰ ਨੂੰ ‘ਇਲੈਕਸ਼ਨ ਹੀਰੋ ਆਫ਼ ਦੀ ਮੰਥ’ ਘੋਸ਼ਿਤ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਵੇਂ ਰਜਿਸਟਰਡ ਹੋਏ ਵੋਟਰਾਂ ਨੂੰ ਈ-ਐਪਿਕ ਰਾਹੀਂ ਆਪਣਾ ਵੋਟਰ ਕਾਰਡ ਡਾਊਨਲੋਡ ਕਰਨ ਦੀ ਅਪੀਲ ਕੀਤੀ।

English






