-ਘਰ ‘ਚ ਹੋਏ ਇਕਾਂਤਵਾਸ 3468 ਮਰੀਜ਼ ਹੋ ਚੁੱਕੇ ਹਨ ਸਿਹਤਯਾਬ : ਡਾ. ਮਲਹੋਤਰਾ
ਪਟਿਆਲਾ, 4 ਸਤੰਬਰ:
ਪੰਜਾਬ ਸਰਕਾਰ ਦੇ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੋਵਿਡ-19 ਮਰੀਜ਼ਾਂ ਨੂੰ ਘਰਾਂ ‘ਚ ਇਕਾਂਤਵਾਸ (ਆਈਸੋਲੇਸ਼ਨ) ਦੇ ਨਿਯਮਾਂ ਤਹਿਤ ਪਟਿਆਲਾ ਜ਼ਿਲ੍ਹੇ ਦੇ ਹੁਣ ਤੱਕ 4343 ਮਰੀਜ਼ਾਂ ਨੂੰ ਘਰਾਂ ਹੀ ਇਕਾਂਤਵਾਸ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ 3468 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਇਸ ਸਮੇਂ ਜ਼ਿਲ੍ਹੇ ‘ਚ ਘਰਾਂ ‘ਚ ਇਕਾਂਤਵਾਸ ਹੋਏ ਮਰੀਜ਼ਾਂ ਦੇ 875 ਐਕਟਿਵ ਕੇਸ ਹਨ।
ਪਟਿਆਲਾ ਜ਼ਿਲ੍ਹੇ ਅੰਦਰ ਘਰਾਂ ‘ਚ ਹੋਏ ਇਕਾਂਤਵਾਸ ਮਰੀਜ਼ਾਂ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘੱਟ ਲੱਛਣਾਂ/ਪੂਰਵ-ਲੱਛਣ/ਲੱਛਣਾਂ ਤੋਂ ਬਿਨ੍ਹਾਂ ਵਾਲੇ ਕੇਸਾਂ ਨੂੰ ਘਰਾਂ ਵਿੱਚ ਇਕਾਂਤਵਾਸ (ਆਈਸੋਲੇਸ਼ਨ) ਦੀ ਸੁਵਿਧਾ ਦਿੱਤੀ ਗਈ ਹੈ, ਜਿਸ ਤਹਿਤ ਪਟਿਆਲਾ ਜ਼ਿਲ੍ਹੇ ‘ਚ 4343 ਮਰੀਜ਼ਾਂ ਨੂੰ ਘਰਾਂ ‘ਚ ਇਕਾਂਤਵਾਸ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ 3468 ਮਰੀਜ਼ ਹੁਣ ਤੱਕ ਸਿਹਤਯਾਬ ਵੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ‘ਚ ਘਰਾਂ ‘ਚ ਇਕਾਂਤਵਾਸ ਦੇ ਕੁੱਲ 875 ਐਕਟਿਵ ਕੇਸ ਹਨ ਅਤੇ ਅੱਜ 170 ਮਰੀਜ਼ਾਂ ਦਾ ਇਕਾਂਤਵਾਸ ਪੂਰਾ ਹੋਇਆ ਹੈ।
ਸਿਵਲ ਸਰਜਨ ਨੇ ਘਰ ‘ਚ ਇਕਾਂਤਵਾਸ ਦੇ ਨਿਯਮਾਂ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅਜਿਹੇ ਕੇਸ, ਜਿਨ੍ਹਾਂ ਕੋਲ ਘਰਾਂ ਵਿੱਚ ਖ਼ੁਦ ਨੂੰ ਅਤੇ ਪਰਿਵਾਰ ਨੂੰ ਇਕਾਂਤਵਾਸ (ਆਈਸੋਲੇਟ) ਕਰਨ ਦੀ ਸੁਵਿਧਾ ਹੈ ਅਤੇ 60 ਸਾਲ ਤੋਂ ਉਪਰ ਦੀ ਉਮਰ ਵਾਲੇ ਬਜ਼ੁਰਗ ਵਿਅਕਤੀ, ਜਿਨ੍ਹਾਂ ਨੂੰ ਹੋਰ ਬਿਮਾਰੀਆਂ ਜਿਵੇਂ ਕਿ ਹਾਈਪਰਟੈਂਸ਼ਨ, ਸ਼ੂਗਰ, ਦਿਲ ਦੀ ਬਿਮਾਰੀ, ਕਰੋਨਿਕ ਲੰਗਸ/ਲੀਵਰ/ਕਿਡਨੀ ਡਿਜ਼ੀਜ਼, ਕੇਅਰਬਰੋ-ਵਸਕੁਲਰ ਆਦਿ ਬਿਮਾਰੀਆਂ ਹਨ, ਉਨ੍ਹਾਂ ਨੂੰ ਮੈਡੀਕਲ ਅਫ਼ਸਰਾਂ ਦੀ ਸਲਾਹ ਨਾਲ ਹੀ ਘਰ ਵਿੱਚ ਆਈਸੋਲੇਟ ਕਰਨ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਤਾਂ ਜੋ ਮਰੀਜ਼ਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਡਾ. ਮਲਹੋਤਰਾ ਨੇ ਦੱਸਿਆ ਕਿ ਇਕਾਂਤਵਾਸ ਲਈ ਮਰੀਜ਼ ਵੱਲੋਂ ਇਕਰਾਰਨਾਮਾ (ਸਵੈ-ਘੋਸ਼ਣਾ ਪੱਤਰ) ਲਿਖ ਕੇ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਕੋਲ ਘਰ ਵਿੱਚ ਇਕਾਂਤਵਾਸ ਲਈ ਵੱਖਰਾ ਕਮਰਾ ਤੇ ਟਾਇਲਟ ਦੀ ਸੁਵਿਧਾ ਹੈ। ਮਰੀਜ਼ ਦੇ ਮੋਬਾਈਲ ਵਿੱਚ ਕੋਵਾ ਐਪਲੀਕੇਸ਼ਨ ਡਾਊਨਲੋਡ ਕੀਤੀ ਜਾਵੇ ਅਤੇ ਹਮੇਸ਼ਾ ਐਕਟਿਵ (ਬਲੂਟੁਥ ਅਤੇ ਵਾਈ-ਫਾਈ ਦੁਆਰਾ) ਰੱਖੀ ਜਾਵੇ। ਮਰੀਜ ਦੀ ਸਹਿਮਤੀ ਜ਼ਰੂਰੀ ਹੋਵੇਗੀ ਕਿ ਉਹ ਦਿਨ ਵਿੱਚ 3 ਵਾਰ ਆਕਸੀਜ਼ਨ ਅਤੇ ਬੁਖ਼ਾਰ ਦੀ ਜਾਂਚ ਕਰੇਗਾ/ਕਰੇਗੀ ਅਤੇ ਆਪਣੀ ਸਿਹਤ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਅਤੇ ਲਗਾਤਾਰ ਸਿਹਤ ਸਥਿਤੀ ਬਾਰੇ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਘਰ ਵਿੱਚ ਇਕਾਂਤਵਾਸ ਮਰੀਜ਼ ਨੂੰ ਜੇਕਰ ਸਾਹ ਲੈਣ ਵਿੱਚ ਤਕਲੀਫ਼, ਡਿਪ ਇਨ ਐਕਸੀਜ਼ਨ ਸੈਚੂਰੇਸ਼ਨ (SpO2 < 95%), ਲਗਾਤਾਰ ਦਰਦ/ਛਾਤੀ ਤੇ ਭਾਰ, ਦਿਮਾਗੀ ਸੰਤੁਲਨ, ਗਲਤ ਬੋਲਣਾ/ਦੌਰੇ, ਕਿਸੇ ਵੀ ਅੰਗ ਜਾਂ ਚਿਹਰੇ ਤੇ ਕਮਜ਼ੋਰੀ ਜਾਂ ਸੁੰਨ ਹੋਣਾ, ਬੁੱਲਾਂ/ਚਿਹਰੇ ਦਾ ਰੰਗ ਨੀਲਾ ਪੈਣਾ ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁਰੰਤ ਮੈਡੀਕਲ ਸਹਾਇਤਾ ਪ੍ਰਾਪਤ ਕਰੇਗਾ।

English






