*ਪਿੰਡ ਦਾ ਸਰਪੰਚ ਕੁਲਵਿੰਦਰ ਸਿੰਘ ਹੋਰਨਾਂ ਲਈ ਵੀ ਬਣਿਆ ਪ੍ਰੇਰਣਾ ਸਰੋਤ
ਨਵਾਂਸ਼ਹਿਰ, 2 ਅਕਤੂਬਰ :
ਪਿਛਲੇ ਤਿੰਨ ਸਾਲਾਂ ਤੋਂ ਪਰਾਲੀ, ਨਾੜ ਜਾਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦਾ ਪਿੰਡ ਪਰਾਗਪੁਰ ਹੋਰਨਾਂ ਪਿੰਡਾਂ ਲਈ ਇਕ ਮਿਸਾਲ ਬਣਿਆ ਹੈ। ਅਗਾਂਹਵਧੂ ਸੋਚ ਦੇ ਮਾਲਕ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਇਸ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਵਾਤਾਵਰਨ ਵਿਚ ਅਸੀਂ ਸਭ ਨੇ ਰਹਿਣਾ ਹੈ ਅਤੇ ਇਸ ਦੀ ਸਾਂਭ-ਸੰਭਾਲ ਵੀ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਉਸ ਨੇ ਕਿਹਾ ਕਿ ਜੇਕਰ ਸਾਡਾ ਵਾਤਾਵਰਨ ਪ੍ਰਦੂਸ਼ਿਤ ਹੋਵੇਗਾ ਤਾਂ ਇਸ ਦਾ ਸਿੱਧਾ ਤੇ ਮਾੜਾ ਅਸਰ ਸਾਡੀ ਸਿਹਤ ’ਤੇ ਪਵੇਗਾ। ਉਸ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਨਾ ਸਾੜਨਾ ਇਕ ਮਿਸ਼ਨ ਵਜੋਂ ਲਿਆ। ਉਸ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੰਬਾਇਨਾਂ ਲਈ ਸੁਪਰ ਐਸ. ਐਮ. ਐਸ ਲਾਜ਼ਮੀ ਕੀਤੇ ਗਏ ਹਨ, ਜੋ ਕਿ ਕਟਾਈ ਦੌਰਾਨ ਖੇਤਾਂ ਵਿਚ ਹੀ ਪਰਾਲੀ ਦਾ ਚੂਰਾ ਕਰ ਦਿੰਦੇ ਹਨ। ਉਸ ਨੇ ਕਿਹਾ ਕਿ ਇਸ ਨਾਲ ਜਿਥੇ ਖੇਤਾਂ ਵਿਚ ਜੈਵਿਕ ਮਾਦਾ ਵੱਧਦਾ ਹੈ, ਉਥੇ ਹੀ ਖੇਤਾਂ ਵਿਚ ਹੈਪੀ ਸੀਡਰ ਦੀ ਵਰਤੋਂ ਨਾਲ ਹੀ ਕਣਕ ਦੀ ਬਿਜਾਈ ਅਸਾਨੀ ਨਾਲ ਹੋ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਅਸੀਂ ਪਰਾਲੀ ਜਾਂ ਫ਼ਸਲੀ ਰਹਿੰਦ-ਖੂੰਹਦ ਸਾੜਦੇ ਹਾਂ ਤਾਂ ਇਸ ਦੇ ਨਾਲ ਹੀ ਸਾਡੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਜ਼ਮੀਨ ਦੇ ਪੌਸ਼ਕ ਤੱਤ ਨਸ਼ਟ ਹੋਣ ਨਾਲ ਇਸ ਦੀ ਉਪਜਾਊ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਫ਼ਸਲਾਂ ਦਾ ਝਾੜ ਘਟਣ ਲਗਦਾ ਹੈ। ਉਸ ਨੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਫ਼ਸਲੀ ਵਿਭਿੰਨਤਾ ਅਪਣਾਉਣ ਦਾ ਵੀ ਸੱਦਾ ਦਿੱਤਾ। ਸਰਪੰਚ ਕੁਲਵਿੰਦਰ ਸਿੰਘ ਅਕਸਰ ਸਮੇਂ-ਸਮੇਂ ’ਤੇ ਹੋਰਨਾਂ ਪਿੰਡਾਂ ਵਿਚ ਵੀ ਜਾ ਕੇ ਲੋਕਾਂ ਨੂੰ ਇਸ ਸਬੰਧੀ ਪ੍ਰੇਰਿਤ ਕਰਦਾ ਰਹਿੰਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਕਿਹਾ ਕਿ ਕੁਲਵਿੰਦਰ ਸਿੰਘ ਵਰਗੇ ਕਿਸਾਨ ਹੋਰਨਾਂ ਲਈ ਪ੍ਰੇਰਣਾ ਸੋਤ ਹਨ ਅਤੇ ਕਿਸਾਨ ਅਜਿਹੇ ਪ੍ਰਗਤੀਸ਼ੀਲ ਕਿਸਾਨਾਂ ਦੇ ਤਜ਼ਰਬਿਆਂ ਤੋਂ ਸਿੱਖਦੇ ਹਨ। ਉਨਾਂ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਵੱਖ-ਵੱਖ ਤਰੀਕਿਆਂ ਰਾਹੀਂ ਇਸ ਦਾ ਨਿਪਟਾਰਾ ਕਰ ਕੇ ਕਣਕ ਦੀ ਬਿਜਾਈ ਕਰਨ।

English






