-ਖੇਤੀਬਾੜੀ ਵਿਭਾਗ ਨੇ 396 ਕੈਂਪ ਲਗਾਕੇ 614 ਪਿੰਡਾਂ ਦੇ ਕਿਸਾਨਾਂ ਨੂੰ ਕੀਤਾ ਜਾਗਰੂਕ : ਡਾ. ਸੰਧੂ
-‘ਬਚੇ ਖਾਦ ਰੂੜੀ ਦੇ ਖਰਚੇ ਰੇਹ ਪਾਉਣ ਜੀਰੀ ਦੇ ਕਰਚੇ’
-‘ਪਰਾਲੀ ਨੂੰ ਖੇਤਾਂ ਵਿੱਚ ਮਿਲਾਓ, ਖੇਤਾਂ ਦੀ ਉਪਜਾਊ ਸ਼ਕਤੀ ਵਧਾਓ’
-ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਇਸਨੂੰ ਖੇਤਾਂ ਵਿੱਚ ਹੀ ਮਿਲਾਉਣ-ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ, 29 ਸਤੰਬਰ:
”ਝੋਨੇ ਦੀ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਕਰਕੇ ਜਿੱਥੇ ਮਨੁੱਖੀ ਸਿਹਤ ਸਾਂਹ ਸਮੇਤ ਹੋਰ ਘਾਤਕ ਬਿਮਾਰੀਆਂ ਦੀ ਸ਼ਿਕਾਰ ਬਣਦੀ ਹੈ, ਉਥੇ ਹੀ ਜਮੀਨ ਵਿਚਲੇ ਮਿੱਤਰ ਕੀੜਿਆਂ ਦੇ ਸਾੜੇ ਜਾਣ ਸਮੇਤ ਹੋਰ ਪਸ਼ੂ-ਪੰਛੀ ਵੀ ਇਸਦੀ ਲਪੇਟ ‘ਚ ਆਉਣ ਕਰਕੇ ਅਲੋਪ ਹੋਣ ਦੀ ਕਗਾਰ ‘ਤੇ ਪੁੱਜ ਜਾਂਦੇ ਹਨ। ਐਨਾ ਹੀ ਨਹੀਂ ਸਮੁੱਚਾ ਵਾਤਾਵਰਣ ਵੀ ਗੰਧਲਾ ਹੋਣ ਕਰਕੇ ਸਾਡੇ ਜੀਵਨ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।” ਇਹ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਡਾ. ਇੰਦਰਪਾਲ ਸਿੰਘ ਸੰਧੂ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਰਾਲੀ ਨਾ ਸਾੜਨ ਦੀ ਆਰੰਭੀ ਜਾਗਰੂਕਤਾ ਮੁਹਿੰਮ ਹੁਣ ਪਿੰਡਾਂ ਦੀਆਂ ਸੱਥਾਂ ਤੇ ਧਾਰਮਿਕ ਸਥਾਨਾਂ ਤੱਕ ਵੀ ਪੁੱਜ ਗਈ ਹੈ।
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਜਾਗਰੂਕ ਕਰਨ ਲਈ ਇੱਕ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਇੰਦਰਪਾਲ ਸਿੰਘ ਸੰਧੂ ਦੀ ਅਗਵਾਈ ‘ਚ ਖੇਤੀਬਾੜੀ ਵਿਭਾਗ ਵੱਲੋਂ ਹੁਣ ਤੱਕ ਜ਼ਿਲ੍ਹੇ ਦੇ 6 ਖੇਤੀਬਾੜੀ ਬਲਾਕਾਂ ‘ਚ 396 ਕੈਂਪ ਲਗਾਕੇ 614 ਪਿੰਡਾਂ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਹੀ ਗਲਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ। ਇਸਤੋਂ ਬਿਨ੍ਹਾਂ ਅਗਲੀ ਫ਼ਸਲ ਲਈ ਖਾਦਾਂ ਦੀ ਵਰਤੋਂ ਘਟਣ ਕਰਕੇ ਖਰਚੇ ਬਚਦੇ ਹਨ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ‘ਬਚੇ ਖਾਦ ਰੂੜੀ ਦੇ ਖਰਚੇ ਰੇਹ ਪਾਉਣ ਜੀਰੀ ਦੇ ਕਰਚੇ’ ਤੇ ‘ਪਰਾਲੀ ਨੂੰ ਖੇਤਾਂ ਵਿੱਚ ਮਿਲਾਓ, ਖੇਤਾਂ ਦੀ ਉਜਾਊ ਸ਼ਕਤੀ ਵਧਾਓ’ ਵਰਗੇ ਨਾਅਰੇ ਦੇਕੇ ਕਿਸਾਨਾਂ ਨੂੰ ਪਰਾਲੀ ਦੇ ਸਹੀ ਨਿਪਟਾਰੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

English






