ਪਰਾਲੀ ਦਾ ਵਾਤਾਵਰਣ ਪੱਖੀ ਨਿਬੇੜਾ ਕਰ ਰਿਹੈ ਕਿਸਾਨ ਪਾਲ ਸਿੰਘ

ਪਰਾਲੀ ਦਾ ਵਾਤਾਵਰਣ ਪੱਖੀ ਨਿਬੇੜਾ ਕਰ ਰਿਹੈ ਕਿਸਾਨ ਪਾਲ ਸਿੰਘ

*ਆਧੁਨਿਕ ਤਕਨੀਕ ਅਤੇ ਆਧੁਨਿਕ ਮਸ਼ੀਨਰੀ ਨਾਲ ਕਰਦਾ ਹੈ ਖੇਤੀ
*ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਵੱਲੋਂ ਖੇਤਾਂ ਦਾ ਦੌਰਾ
ਬਰਨਾਲਾ, 30 ਸਤੰਬਰ
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੇਖਾ ਦੇ ਕਿਸਾਨ ਪਾਲ ਸਿੰਘ ਵੜੈਚ ਨੇ ਵੱਟਾਂ ’ਤੇ ਝੋਨਾ ਲਾ ਕੇ  ਮਿਸਾਲ ਕਾਇਮ ਕੀਤੀ ਹੈ। ਇਸ ਨਾਲ ਪਾਣੀ ਦੀ ਵੀ ਬੱਚਤ ਹੁੰਦੀ ਹੈ ਅਤੇ ਝਾੜ ਵੀ ਚੋਖਾ ਮਿਲਦਾ ਹੈ।
ਕਿਸਾਨ ਪਾਲ ਸਿੰਘ ਨੇ ਦੱਸਿਆ ਕਿ ਉਹ ਜਿੱਥੇ ਆਧੁਨਿਕ ਮਸ਼ੀਨਰੀ ਨਾਲ ਝੋਨੇ ਅਤੇ ਕਣਕ ਦੀ ਬਿਜਾਈ ਕਰਦਾ ਹੈ, ਉਥੇ ਫਸਲੀ ਵਿਭਿੰਨਤਾ ਤਹਿਤ ਆਲੂਆਂ ਦੀ ਬਿਜਾਈ ਕਰਦਾ ਹੈ। ਕਿਸਾਨ ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਵੱੱਟਾਂ ’ਤੇ ਝੋਨੇ ਦੀ ਬਿਜਾਈ ਕੀਤੀ ਹੈ। ਇਸ ਤੋਂ ਇਲਾਵਾ ਆਲੂਆਂ ਦੀ ਬਿਜਾਈ ਰੋਟਾਵੇਟਰ ਨਾਲ ਕਰਦਾ ਹੈ। ਇਸ ਤੋਂ ਇਲਾਵਾ ਕਣਕ ਦੀ ਬਿਜਾਈ ਲਈ ਸੁਪਰ ਸੀਡਰ ਦੀ ਮਦਦ ਲੈਂਦਾ ਹੈ।
ਕਿਸਾਨ ਨੇ ਦੱਸਿਆ ਕਿ ਉਸ ਨੇ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਈ ਹੈ। ਉਹ ਆਧੁਨਿਕ ਮਸ਼ੀਨਰੀ ਅਤੇ ਆਧੁਨਿਕ ਤਕਨੀਕਾਂ ਦੀ ਮਦਦ ਨਾਲ ਫਸਲ ਦੀ ਬਿਜਾਈ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਝਾੜ ਵੀ ਚੋਖਾ ਪ੍ਰਾਪਤ ਹੋਇਆ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਕਿਸਾਨ ਪਾਲ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ। ਉਨ੍ਹਾਂ ਕਿਸਾਨ ਪਾਲ ਸਿੰਘ ਦੇ ਵਾਤਾਵਰਣ ਪੱਖੀ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਿਸਾਨਾਂ ਅਤੇ ਕੰਬਾਇਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸਐਮਐਸ) ਤੋਂ ਬਿਨਾਂ ਕੰਬਾਇਨਾਂ ਨਾ ਚਲਾਉਣ। ਇਸ ਦੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਉਹ ਫਸਲੀ ਰਹਿੰਦ-ਖੂੰਹਦ ਦਾ ਵਾਤਾਵਰਣ ਪੱਖੀ ਨਿਬੇੜਾ ਕਰਨ।