ਪਰਾਲੀ ਨੂੰ ਖੇਤਾਂ ਵਿੱਚ ਨਸ਼ਟ ਕਰਨ ਵਾਸਤੇ ਸਹਿਕਾਰਤਾ ਵਿਭਾਗ ਵੱਲੋ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਬਿਨਾ ਕਿਰਾਏ ਤੋ ਸੰਦ ਮੁਹੱਈਆ ਕਰਵਾਏ ਜਾਣਗੇ : ਡਿਪਟੀ ਰਜਿਸਟਰਾਰ

DC Gurdaspur Mohamad Isfak

ਗੁਰਦਾਸਪੁਰ 1 ਅਕਤੂਬਰ :- ਸਹਿਕਾਰਤਾ ਅਤੇ ਜੇਲਾਂ ਬਾਰੇ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰ; ਬਲਵਿੰਦਰ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਸਹਿਕਾਰੀ ਸਭਾਵਾਂ ਪਾਸ ਮੌਜੂਦ ਕਰੋਪ ਰੈਜੀਡੀਊ ਮੈਨੇਜਮੈਂਟ ( ਸੀ. ਆਰ. ਐਮ . ) ਸਕੀਮ ਅਧੀਨ 80 ਪ੍ਰਤੀਸ਼ਤ ਸਬਸੀਡੀ ਵਾਲੇ ਸੰਦ ਕਿਸਾਨਾ ਦੇ ਹਿੱਤਾ ਵਾਸਤੇ ਇਸਤੇਮਾਲ ਕੀਤੇ ਜਾਣਗੇ ਅਤੇ ਡਿਪਟੀ ਰਜਿਸਟਰਾਰ ਨੇ ਦੱਸਿਆ ਕਿ ਉਹਨਾ ਵੱਲੋ ਪਹਿਲਾਂ ਹੀ ਸਮੂੰਹ ਸਹਿਕਾਰੀ ਸਭਾਵਾਂ ਜਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਸਕੱਤਰਾਂ ਨੂੰ ਨਿੱਜੀ ਤੌਰ ਤੇ ਦਿਸਾ –ਨਿਰਦੇਸ ਦਿੱਤੇ ਗਏ ਹਨ ਕਿ ਛੋਟੇ ਕਿਸਾਨਾਂ ਨੂੰ ਲੋੜ ਅਨੁਸਾਰ ਬਿਨਾ ਕਿਰਾਏ ਤੇ ਇਸ ਸੰਦ ਮੁਹੱਈਆ ਕਰਵਾਏ ਜਾਣ ਤਾਂ ਜੋ ਕਿਸਾਨਾਂ ਦਾ ਕੋਈ ਵਾਧੂ ਪੈਸਾ ਖਰਚ ਨਾ ਹੋਵੇ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਜਮੀਨ ਵਿੱਚ ਹੀ ਮਿਲਾਇਆ ਜਾ ਸਕੇ ।

ਇਸ ਤੋ ਇਲਾਵਾ ਡਿਪਟੀ ਰਜਿਸਟਰਾਰ ਗੁਰਦਾਸਪੁਰ ਨੇ ਨਿੱਜੀ ਤੌਰ ਤੇ ਸਭਾਵਾਂ ਦੇ ਕਿਸਾਨਾਂ ਅਤੇ ਮੈਬਰਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਸਹਿਕਾਰਤਾ ਵਿਭਾਗ ਵੱਲੋ ਪਰਾਲੀ ਨੂੰ ਖੇਤਾਂ ਵਿੱਚ ਹੀ ਨਸ਼ਟ ਕਰਨ ਵਾਲੇ ਸੰਦਾਂ ਨੂੰ ਵਰਤ ਕੇ ਇਸ ਛੋਟ ਦਾ ਵੱਧ ਤੋ ਵੱਧ ਲਾਭ ਉਠਾਇਆ ਜਾਵੇ । ਇਸ ਦੇ ਨਾਲ ਹਵਾ ਵਿੱਚ ਪ੍ਰਦੂਸ਼ਣ ਵੀ ਘੱਟ ਫੈਲੇਗਾ ਅਤੇ ਜਮੀਨ ਵੀ ਉਪਜਾਊ ਬਣੇਗੀ । ਇਸ ਦੇ ਨਾਲ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ , ਗੁਰਦਾਸਪੁਰ ਵੱਲੋ ਸਭਾਵਾਂ ਦੇ ਮੈਬਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ ਗਈ ।