ਪਿੰਡਾਂ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਦੀਆਂ ਪੁਖਤਾ ਸਹੂਲਤਾਂ ਯਕੀਨੀ ਬਣਾਉਣ ’ਤੇ ਜ਼ੋਰ

ਪਿੰਡਾਂ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਦੀਆਂ ਪੁਖਤਾ ਸਹੂਲਤਾਂ ਯਕੀਨੀ ਬਣਾਉਣ ’ਤੇ ਜ਼ੋਰ

*ਡਿਪਟੀ ਕਮਿਸ਼ਨਰ ਵੱਲੋਂ ਬਲਾਕ ਬਰਨਾਲਾ ਦੇ ਪੰਚਾਇਤੀ ਨੁਮਾਇੰਦਿਆਂ ਨਾਲ ਮੀਟਿੰਗ
ਬਰਨਾਲਾ, 4 ਨਵੰਬਰ
ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਅਤੇ ਪਾਣੀ ਦੀ ਸੰਭਾਲ ਅਤੇ ਕਮਿਊਨਿਟੀ ਪਖਾਨਿਆਂ ਸਬੰਧੀ ਬਲਾਕ ਬਰਨਾਲਾ ਦੀ ਪੰਚਾਇਤਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਅਹਿਮ ਮੀਟਿੰਗ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਬਲਾਕ ਬਰਨਾਲਾ ਵਿਚ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਫੂਲਕਾ ਨੇ ਪੰਚਾਇਤਾਂ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕਾਰਜਾਂ ’ਤੇ ਜ਼ੋਰ ਦੇਣ ਲਈ ਆਖਿਆ। ਡੀਡੀਪੀਓ ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਪਿੰਡਾਂ ਵਿਚ ਸੁਰੱਖਿਅਤ ਸੈਨੀਟੇਸ਼ਨ ਸਹੂਲਤਾਂ ਮੁਹੱਈਆ ਕਰਾਉਣ ਲਈ ਪਖਾਨਿਆਂ ਦੀ ਉਸਾਰੀ ਬਾਰੇ ਦੱਸਿਆ। ਇਹ ਪਖਾਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਬਣਾਏ ਜਾਣੇ ਹਨ। ਇਨ੍ਹਾਂ ਪਖਾਨਿਆਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਪੰਚਾਇਤ ਦੀ ਹੋਵੇਗੀ।
ਇਸ ਤੋਂ ਇਲਾਵਾ ਪਿੰਡਾਂ ਵਿੱਚ ਵਾਟਰ ਵਰਕਸ ਟੈਂਕੀਆਂ ਦੀ ਸੰਭਾਲ, ਮੁਰੰਮਤ, ਸਾਫ ਪੀਣ ਵਾਲੇ ਪਾਣੀ ਦੇ ਕੁਨੈਕਸ਼ਨਾਂ ਆਦਿ ਸਕੀਮਾਂ ’ਤੇ ਚਰਚਾ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਰਪੰਚਾਂ ਨੂੰ ਪਰਾਲੀ ਸਾੜਨ ਖਿਲਾਫ ਮੁਹਿੰਮ ’ਚ ਡਟੇ ਰਹਿਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਡੀਡੀਪੀਓ ਸ੍ਰੀ ਸੰਜੀਵ ਸ਼ਰਮਾ, ਬੀਡੀਪੀਓ ਸ੍ਰੀ ਪ੍ਰਵੇਸ਼ ਕੁਮਾਰ, ਡੀਡੀਐਫ ਦੁਸ਼ਯੰਤ ਤੇ ਹੋਰ ਅਧਿਕਾਰੀ ਹਾਜ਼ਰ ਸਨ।