ਪੀ.ਏ.ਯੂ. ਦੀ ਸਿਫ਼ਾਰਸ਼ ਅਨੁਸਾਰ ਬੂਟਿਆਂ ‘ਚ ਕੀਤੀ ਜਾਵੇ ਦਵਾਈਆਂ ਦੀ ਵਰਤੋਂ : ਡਾ. ਮਾਨ

ਪਟਿਆਲਾ, 16 ਦਸੰਬਰ:
ਡਿਪਟੀ ਡਾਇਰੈਕਟਰ ਬਾਗਬਾਨੀ ਪਟਿਆਲਾ ਡਾ. ਸਵਰਨ ਸਿੰਘ ਮਾਨ  ਵੱਲੋਂ ਆਉਣ ਵਾਲੇ ਦਿਨਾਂ ‘ਚ ਸਰਦੀ ਵੱਧਣ ਨਾਲ ਬਾਗਬਾਨੀ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕਿਸਾਨਾਂ ਨੂੰ ਸੁਝਾਅ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਬੂਟਿਆਂ ਦਾ ਸਰਦੀ ਤੋਂ ਬਚਾਅ ਕਰਨ ਲਈ ਉਨ੍ਹਾਂ ਨੂੰ ਲਗਾਤਾਰ ਹਲਕਾ ਹਲਕਾ ਪਾਣੀ ਦੇਣਾ ਚਾਹੀਦਾ ਹੈ, ਜਿਸ ਨਾਲ ਤਾਪਮਾਨ ਵੱਧਦਾ ਹੈ ਅਤੇ ਬੂਟਿਆਂ ਤੇ ਸਰਦੀ ਦਾ ਅਸਰ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਜਿਹੜੇ ਨਵੇਂ ਫਲਦਾਰ ਬੂਟੇ ਲਗਾਏ ਗਏ ਹਨ, ਉਨ੍ਹਾਂ ਦੇ ਦੁਆਲੇ ਕੁੱਲੀਆਂ ਬਣਾ ਦੇਣੀਆਂ ਚਾਹੀਦੀਆਂ ਹਨ ਅਤੇ ਕੁੱਲੀਆਂ ਦਾ ਦੱਖਣ ਵਾਲਾ ਪਾਸਾ ਖੁਲ੍ਹਾ ਰੱਖਣਾ ਚਾਹੀਦਾ ਹੈ ਤਾਂ ਕਿ ਸਵੇਰ ਵੇਲੇ ਸਿੱਧੀ ਧੁੱਪ ਬੂਟਿਆਂ ‘ਤੇ ਪੈ ਸਕੇ।
ਡਾ. ਮਾਨ ਨੇ ਦੱਸਿਆ ਕਿ ਨਵੇਂ ਅਤੇ ਪੁਰਾਣੇ ਬੂਟਿਆਂ ਦੇ ਤਣਿਆਂ ‘ਤੇ ਸਫੇਦੀ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਰਦੀ ਦਾ ਅਸਰ ਘੱਟ ਹੋਵੇ। ਫਲਦਾਰ ਬੂਟਿਆਂ ਨੂੰ ਸਿਹਤਮੰਦ ਰੱਖਣ ਲਈ ਪੀ.ਏ.ਯੂ ਦੀ ਸਿਫਾਰਸ਼ਾਂ ਅਨੁਸਾਰ ਕੀੜੇਮਾਰ ਅਤੇ ਉਲੀਨਾਸ਼ਕ ਦਵਾਈਆਂ ਦੀ ਸਪੇਰੇ ਕੀਤੀ ਜਾਵੇ ਕਿਉਕਿ ਸਿਹਤਮੰਦ ਬੂਟੇ ‘ਤੇ ਸਰਦੀ ਦਾ ਅਸਰ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਗਬਾਨੀ ਫਸਲਾਂ ਨੂੰ ਸਰਦੀ ਤੋਂ ਬਚਾਉਣ ਲਈ ਬਾਗਾਂ ਦੁਆਲੇ ਵਿੰਡ ਬਰੇਕਰ ਲਗਾ ਦੇਣੇ ਚਾਹੀਦੇ ਹਨ।