ਪੀ.ਐਸ.ਐਮ.ਐਸ.ਯੂ. ਦੇ ਕਾਮਿਆ ਵੱਲੋਂ 8ਵੇਂ ਦਿਨ ਵੀ ਹੜ੍ਹਤਾਲ ਜਾਰੀ, ਦਫ਼ਤਰਾਂ ‘ਚ ਕੰਮ ਕਰਵਾਉਣ ਲਈ ਆਏ ਲੋਕ ਹੋਏ ਖੱਜਲ ਖੁਆਰ

ਲੁਧਿਆਣਾ, 15 ਨਵੰਬਰ:

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀ.ਐਸ.ਐਮ.ਐਸ.ਯੂ.) ਵੱਲੋਂ ਚੱਲ ਰਹੀ ਹੜਤਾਲ ਅੱਜ 8ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ, ਜਿਸਦੇ ਤਹਿਤ ਜ਼ਿਲ੍ਹਾ ਖ਼ਜਾਨਾ ਦਫਤਰ ਲੁਧਿਆਣਾ ਨੂੰ ਹੈੱਡ ਕੁਆਰਟਰ ਬਣਾਉਂਦੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਦਫ਼ਤਰੀ ਕਾਮਿਆਂ ਵੱਲੋ ਧਰਨਾ ਦਿੱਤਾ ਗਿਆ।

ਯੂਨੀਅਨ ਵਲੋਂ ਹੜਤਾਲ ਦਾ ਮੁੱਖ ਕਾਰਨ ਪੁਰਾਣੀ ਪੈਨਸ਼ਨ ਦੀ ਬਹਾਲੀ, ਕੇਂਦਰ ਸਰਕਾਰ ਦੇ ਤਰਜ ‘ਤੇ 46 ਪ੍ਰਤੀਸ਼ਤ ਮਹਿੰਗਾਈ ਭੱਤਾ, 15-01-2015 ਅਤੇ 17-07-2020 ਦੇ ਮੁਲਾਜ਼ਮ ਮਾਰੂ ਪੱਤਰ ਵਾਪਿਸ ਲੈਣਾ, 4-9-14 ਏ.ਸੀ.ਪੀ. ਸਕੀਮ ਦੀ ਮੁੜ ਬਹਾਲੀ ਅਤੇ 01-01-2016 ਤੋਂ 30-06-2021 ਤੱਕ ਪੇਅ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਆਦਿ ਮੰਗਾ ਸ਼ਾਮਲ ਹਨ।

ਇਸ ਧਰਨੇ ਦੌਰਾਨ ਆਪਣੇ ਕੰਮ ਕਰਵਾਉਣ ਆਏ ਆਮ ਲੋਕਾਂ ਨੂੰ ਬੇਹੱਦ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮੁਲਾਜ਼ਮਾਂ ਦੇ ਹੜਤਾਲ ‘ਤੇ ਜਾਣ ਕਰਕੇ ਰਜਿਸਟਰੀਆਂ ਦਾ ਕੰਮ, ਚਲਾਨ, ਲਾਈਸੈਂਸ ਅਤੇ ਤਹਿਸ਼ੀਲਾਂ ਦੇ ਕੰਮ ਮੁਕੰਮਲ ਬੰਦ ਰਹੇ।

ਮੁਲਾਜ਼ਮ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਸਰਕਾਰ ਵੱਲੋਂ ਸਾਡੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆ ਉਦੋਂ ਤੱਕ ਸੰਘਰਸ ਇੰਨ-ਬਿੰਨ ਲਾਗੂ ਰਹੇਗਾ ਅਤੇ ਆਮ ਜਨਤਾ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

ਇਸ ਦੌਰਾਨ ਮੁੱਖ ਬੁਲਾਰੇ ਰਣਜੀਤ ਸਿੰਘ ਜੱਸਲ, ਅਮਨ ਪਰਾਸ਼ਰ, ਲਖਵੀਰ ਸਿੰਘ ਗਰੇਵਾਲ, ਧਰਮ ਸਿੰਘ, ਸਤਿੰਦਰ ਸਿੰਘ, ਧਰਮਪਾਲ ਸਿੰਘ ਪਾਲੀ, ਸੰਦੀਪ ਭਾਬਕ, ਅਯੁੱਧਿਆ ਪ੍ਰਸ਼ਾਦ ਮੌਰਿਆ, ਆਕਾਸ਼ਦੀਪ ਸਿੰਘ, ਜਗਦੇਵ ਸਿੰਘ, ਤਜਿੰਦਰ ਸਿੰਘ ਢਿੱਲੋਂ ਅਤੇ ਵੱਖ-ਵੱਖ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।