-ਆਂਗਣਵਾੜੀ ਵਰਕਰਾਂ ਨੇ ਰੈਲੀ ਕੱਢਕੇ ਪੌਸ਼ਟਿਕ ਖੁਰਾਕ ਲੈਣ ਲਈ ਲੋਕਾਂ ਨੂੰ ਕੀਤਾ ਪ੍ਰੇਰਿਤ
-ਪੋਸ਼ਣ ਵਾਟਿਕਾ ‘ਚ ਲਗਾਈਆਂ ਸਬਜ਼ੀਆਂ
ਪਟਿਆਲਾ, 22 ਸਤੰਬਰ:
ਭਾਰਤ ਸਰਕਾਰ ਵੱਲੋਂ 1 ਤੋਂ 30 ਸਤੰਬਰ ਤੱਕ ਐਲਾਨੇ ਪੋਸ਼ਣ ਮਾਹ ਦੌਰਾਨ ਪਟਿਆਲਾ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਆਂਗਣਵਾੜੀ ਵਰਕਰਾਂ ਵੱਲੋਂ ਜਾਗਰੂਕਤਾ ਰੈਲੀ ਕੱਢਕੇ ਲੋਕਾਂ ਨੂੰ ਪੌਸ਼ਟਿਕ ਖਾਣਾ ਖਾਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਆਂਗਣਵਾੜੀ ਸੈਂਟਰਾਂ ‘ਚ ਪੋਸ਼ਣ ਵਾਟਿਕਾ ਬਣਾਕੇ ਉਥੇ ਸਬਜ਼ੀਆਂ ਬੀਜੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ. ਗੁਰਮੀਤ ਸਿੰਘ ਨੇ ਦੱਸਿਆ ਕਿ ਪੋਸ਼ਣ ਮਹੀਨੇ ਦੌਰਾਨ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਇਸ ਵਾਰ ਕੋਵਿਡ-19 ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ ਜਿਸ ‘ਚ ਵੱਖ-ਵੱਖ ਵਿਭਾਗਾਂ ਵੱਲੋਂ ਰੋਜ਼ਾਨਾ ਆਨਲਾਈਨ ਗਤੀਵਿਧੀਆਂ ਸਮੇਤ ਘਰ-ਘਰ ਜਾਕੇ ਲੋਕਾਂ ਨੂੰ ਪੌਸ਼ਟਿਕ ਖਾਣਿਆਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜਿਥੇ ਆਂਗਣਵਾੜੀ ਵਰਕਰਾਂ ਵੱਲੋਂ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ, ਉਥੇ ਹੀ ਆਂਗਣਵਾੜੀ ਸੈਂਟਰਾਂ ‘ਚ ਪੋਸ਼ਣ ਵਾਟਿਕਾ ਬਣਾਕੇ ਸਬਜ਼ੀਆਂ ਬੀਜੀਆਂ ਗਈਆਂ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਪੂਰੇ ਸਤੰਬਰ ਮਹੀਨੇ ਦੌਰਾਨ ਪੋਸ਼ਣ ਮਾਹ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅਨੀਮੀਆ ਕੈਂਪ, ਆਸ਼ਾ ਵਰਕਰਾਂ ਅਤੇ ਏ.ਐਨ.ਐਮ. ਵੱਲੋਂ ਹੋਮ ਵਿਜ਼ਟ ਕਰਕੇ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਲਮ ਖੇਤਰਾਂ ‘ਚ ਔਰਤਾਂ ਨੂੰ ਸਿਹਤ ਸਬੰਧੀ ਧਿਆਨ ਰੱਖਣਯੋਗ ਗੱਲਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਕਿਸ਼ੋਰ ਉਮਰ ਦੀਆਂ ਲੜਕੀਆਂ ਨੂੰ ਸਿਹਤ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨ ਕਲੱਬ ਮੀਟਿੰਗਾਂ ਕਰਵਾ ਕੇ ਸਮਾਜ ਵਿਚੋਂ ਕੁਪੋਸ਼ਣ ਦੂਰ ਕਰਨ ਦਾ ਸੁਨੇਹਾ ਦਿੱਤਾ ਗਿਆ।

English






