ਪ੍ਰਜਨਣ ਅੰਗਾਂ ਦੇ ਰੋਗਾਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ : ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ

ਪ੍ਰਜਨਣ ਅੰਗਾਂ ਦੇ ਰੋਗਾਂ ਦਾ ਸਰਕਾਰੀ ਹਸਪਤਾਲਾਂ ਵਿਚ ਇਲਾਜ ਮੁਫਤ : ਡਾ. ਰਾਕੇਸ਼ ਚੰਦਰ
ਦੋ ਦਿਨਾ ਜ਼ਿਲ੍ਹਾ ਪੱਧਰੀ ਐਸ.ਟੀ.ਆਈ./ਆਰ.ਟੀ.ਆਈ. ਟ੍ਰੇਨਿੰਗ ਸ਼ੁਰੂ
ਨਵਾਂਸ਼ਹਿਰ, 26 ਅਗਸਤ 2021 ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਸੈਕਸੂਅਲੀ ਟਰਾਂਸਮਿਿਟਡ ਇੰਫੈਕਸ਼ਨ/ਰੀਪ੍ਰੋਡਕਟਿਵ ਟਰੈਕਟ ਇੰਫੈਕਸ਼ਨ (ਐਸ.ਟੀ.ਆਈ./ਆਰ.ਟੀ.ਆਈ.) ਦੀ ਦੋ ਦਿਨਾਂ ਟ੍ਰੇਨਿੰਗ ਦੀ ਸ਼ੁਰੂ ਹੋ ਗਈ ਹੈ, ਜਿਸ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਤੋਂ ਸਟਾਫ ਨਰਸਾਂ ਅਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੇ ਭਾਗ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਕਿਹਾ ਕਿ ਸਾਨੂੰ ਐਸ.ਟੀ.ਆਈ./ਆਰ.ਟੀ.ਆਈ. ਨਾਲ ਸਬੰਧਤ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਜਨਣ ਅੰਗਾਂ ਨਾਲ ਸਬੰਧਤ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਦਾ ਲੰਬੇ ਸਮੇਂ ਲਈ ਸਿਹਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਐਸ.ਟੀ.ਆਈ./ਆਰ.ਟੀ.ਆਈ. ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਕੱੁਲ ਬਾਲਗ ਅਬਾਦੀ ਵਿਚੋਂ ਪ੍ਰਜਨਣ ਅੰਗਾਂ ਦੀਆਂ ਬਿਮਾਰੀਆਂ ਨਾਲ ਛੇ ਫੀਸਦੀ ਲੋਕ ਪੀੜਤ ਹਨ ਅਤੇ ਵਿਕਸਿਤ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਇਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਬੈਕਟੀਰੀਆ, ਵਾਇਰਸ, ਪ੍ਰੋਟੋਜੋਆ, ਫੰਗਲ ਇੰਨਫੈਕਸ਼ਨ ਆਦਿ ਹੁੰਦੇ ਹਨ।ਇਨ੍ਹਾਂ ਜੀਵਾਣੂਆਂ ਦੀ ਲਾਗ ਲੱਗਣ ਨਾਲ ਮਰਦ ਅਤੇ ਔਰਤ ਦੋਵੇਂ ਇਨ੍ਹਾਂ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਸਕਦੇ ਹਨ। ਡਾ. ਕੌਰ ਨੇ ਅੱਗੇ ਕਿਹਾ ਕਿ ਪ੍ਰਜਨਣ ਅੰਗਾਂ ਦੀ ਸਾਫ ਸਫਾਈ ਵੱਲ ਧਿਆਨ ਨਾ ਦੇਣਾ, ਔਰਤਾਂ ਵਿੱਚ ਮਾਹਵਾਰੀ ਦੌਰਾਨ ਸਫਾਈ ਦੀ ਘਾਟ, ਜਣੇਪੇ, ਗਰਭਪਾਤ ਅਤੇ ਕਾਪਰ-ਟੀ ਆਦਿ ਕਰਵਾਉਣ ਸਮੇਂ ਪ੍ਰੋਵਾਈਡਰ ਵੱਲੋਂ ਸਫਾਈ ਦਾ ਧਿਆਨ ਨਾ ਰੱਖਣ ਕਾਰਨ ਇਹ ਬਿਮਾਰੀਆ ਹੋਣ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਸਬੰਧੋਨ ਕਰਦਿਆਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਪੀ.ਐਚ.ਸੀ, ਸੀ.ਐਚ.ਸੀ ਅਤੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਵਿੱਚ ਸਰਕਾਰ ਵੱਲੋਂ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਪ੍ਰਜਨਣ ਅੰਗਾਂ ਦੇ ਰੋਗਾਂ ਦੇ ਮਰੀਜ਼ਾਂ ਨੂੰ ਐਚ.ਆਈ.ਵੀ ਦੀ ਲਾਗ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਜਨਨ ਅੰਗਾਂ ਦੀ ਬਿਮਾਰੀ ਹੋਣ ਤੇ ਸਮੇਂ ਸਿਰ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਟ੍ਰੇਨਿੰਗ ਵਿਚ ਗਾਇਨੀਕੋਲੋਜਿਸਟ ਡਾ. ਮੋਨਿਕਾ ਜੈਨ ਨੇ ਟ੍ਰੇਨਿੰਗ ਵਿਚ ਸ਼ਾਮਲ ਉਮੀਦਵਾਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਜਨਣ ਅੰਗਾਂ ਦੀਆਂ ਬਿਮਾਰੀਆਂ ਨਾਲ ਗਰਭਪਾਤ, ਮੁਰਦਾ ਪੈਦਾਇਸ਼, ਬਾਂਝਪਨ, ਨਵਜੰਮੇ ਬੱਚਿਆਂ ਵਿਚ ਅੰਨਾਪਣ ਅਤੇ ਬੱਚੇਦਾਨੀ ਦਾ ਕੈਂਸਰ ਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਜਗਤ ਰਾਮ, ਬਲਾਕ ਐਕਸਟੈਨਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।