ਪ੍ਰਥਮ ਤੇ ਸੰਧਿਆ ਦੇ ਜੀਵਨ ਵਿੱਚ ਆਈ ਨਵੀਂ ਸਵੇਰ

ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਸਵੈ-ਰੋਜ਼ਗਾਰ ਦਾ ਖੁੱਲ੍ਹਿਆ ਰਾਹ
ਐਸ.ਏ.ਐਸ. ਨਗਰ, 28 ਜੁਲਾਈ 2021
ਪੰਜਾਬ ਹੁਨਰ ਵਿਕਾਸ ਮਿਸ਼ਨ ਨੌਜਵਾਨਾਂ ਨੂੰ ਹੁਨਰਮੰਦ ਕਰ ਕੇ ਆਤਮ ਨਿਰਭਰ ਬਣਾਉਣ ਵਿੱਚ ਸਹਾਈ ਸਾਬਤ ਹੋ ਰਿਹਾ ਹੈ, ਜਿਸ ਦੀ ਮਿਸਾਲ ਹਨ ਸੰਧਿਆ ਕੁਮਾਰੀ ਅਤੇ ਪ੍ਰਥਮ ਨਰੂਲਾ, ਜੋ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਹੁਨਰ ਨਾਲ ਸਬੰਧਤ ਕਰਵਾਏ ਜਾਂਦੇ ਕੋਰਸ ਕਰ ਕੇ ਨਾ ਸਿਰਫ਼ ਆਪਣੇ ਪੈਰਾਂ ਉਤੇ ਖੜੇ੍ਹ ਹੋਏ, ਸਗੋਂ ਹੋਰਾਂ ਲਈ ਵੀ ਰਾਹ ਦਸੇਰਾ ਸਾਬਤ ਹੋ ਰਹੇ ਹਨ।
ਸੰਧਿਆ ਕੁਮਾਰੀ ਵਾਸੀ ਲਾਲੜੂ ਅਤੇ ਪ੍ਰਥਮ ਨਰੂਲਾ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਉਸ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਟਰੇਨਿੰਗ ਪਾਰਟਨਰ ਏ.ਜੀ.ਸੀ.ਐਲ. ਟੈਕਨਾਲੋਜੀ ਤੋਂ ਹੈੱਡ ਪੇਂਟਿੰਗ ਅਤੇ ਗਰਾਫਿਕ ਡਿਜ਼ਾਈਨਰ ਦਾ ਕੋਰਸ ਕੀਤਾ। ਸੰਧਿਆ ਕੁਮਾਰੀ ਨੇ ਦੱਸਿਆ ਕਿ ਉਸ ਨੇ ਸੰਧਿਆ ਕ੍ਰਿਏਸ਼ਨਜ਼ ਨਾਮੀਂ ਬੁਟੀਕ ਸ਼ੁਰੂ ਕੀਤਾ ਅਤੇ ਅੱਜ ਇਸ ਬੁਟੀਕ ਰਾਹੀਂ ਹਰ ਮਹੀਨੇ 10-15 ਹਜ਼ਾਰ ਤੋਂ ਵਧੇਰੇ ਕਮਾ ਰਹੀ ਹੈ। ਇਸ ਤਰ੍ਹਾਂ ਪ੍ਰਥਮ ਨਰੂਲਾ ਨੇ ਸ੍ਰੀ ਰਾਮ ਐਜੂਕੇਸ਼ਨ ਟਰੱਸਟ ਲਾਲੜੂ ਤੋਂ ਗ੍ਰਾਫਿਕ ਡਿਜ਼ਾਈਨਰ ਦਾ ਕੋਰਸ ਕੀਤਾ ਅਤੇ ਕੋਰਸ ਕਰਨ ਤੋਂ ਬਾਅਦ ਯੂਨੀਕ ਡਾਕੂਮੈਂਟ ਸੈਂਟਰ ਜ਼ੀਰਕਪੁਰ ਵਿਖੇ ਸ਼ੁਰੂ ਕੀਤਾ, ਜਿਸ ਰਾਹੀਂ ਉਹ ਹਰ ਮਹੀਨੇ 15-20 ਹਜ਼ਾਰ ਤੋੋਂ ਵਧੇਰੇ ਕਮਾ ਰਿਹਾ ਹੈ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋੋਂ ਰਾਜ ਵਿੱਚ ਨੌਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵੱਖ-ਵੱਖ ਸਕੀਮਾਂ ਤਹਿਤ ਹੁਨਰ ਦੀ ਸਿਖਲਾਈ ਮੁਫ਼ਤ ਦਿੱਤੀ ਜਾ ਰਹੀ ਹੈ। ਹੁਨਰ ਸਿਖਲਾਈ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦੇ ਕੇ ਨੌਕਰੀ ਯੋਗ ਬਣਾਉਣਾ ਹੈ ਤਾਂ ਜੋ ਉਹ ਆਪਣੇ ਪੈਰਾਂ ਉਤੇ ਖੜ੍ਹੇ ਹੋ ਸਕਣ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਆਮਦਨ ਦਾ ਜ਼ਰੀਆ ਬਣ ਸਕਣ। ਬਲਾਕ ਮਿਸ਼ਨ ਮੇਨੈਜਰ, ਪੰਜਾਬ ਹੁਨਰ ਵਿਕਾਸ ਮਿਸ਼ਨ ਗੁਰਪ੍ਰੀਤ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਕਰਵਾਏ ਜਾਂਦੇ ਹੁਨਰ ਨਾਲ ਸਬੰਧਤ ਕੋਰਸਾਂ ਦਾ ਲਾਹਾ ਲੈਣ ਲਈ ਮਿਸ਼ਨ ਦੇ ਦਫ਼ਤਰ ਕਮਰਾ ਨੰਬਰ-453, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76, ਐਸ.ਏ.ਐਸ. ਨਗਰ ਜਾਂ ਮੋਬਾਈਲ ਨੰਬਰ-88724-88853 ਉਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਬਲਾਕ ਥੇਮੈਟਿਕ ਮੈਨੇਜਰ ਜਗਪ੍ਰੀਤ ਸਿੰਘ ਅਤੇ ਮਾਨਸੀ ਭਾਂਮਰੀ ਵੀ ਮੌਜੂਦ ਸਨ।