ਦੂਜੇ ਦਿਨ ਵੀ ਸਰਕਾਰੀ ਵਿਭਾਗਾਂ ਦਾ ਕੰਮ ਕਾਜ ਠੱਪ ਰਿਹਾ
ਮੁਲਾਜ਼ਮ ਕੁਰਸੀਆਂ ਛੱਡ ਕੇ ਕੈਪਟਨ ਸਰਕਾਰ ਖਿਲਾਫ ਨਾਹਰੇਬਾਜ਼ੀ ਕਰਨ ਵਿਚ ਜੁਟੇ
ਫਿਰੋਜ਼ਪੁਰ 9 ਜੁਲਾਈ 2021 ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਸੱਦੇ ਤੇ ਅੱਜ ਦੂਜੇ ਦਿਨ ਵੀ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਸਰਕਾਰੀ ਵਿਭਾਗਾਂ ਵਿੱਚ ਕਲਮ ਛੋੜ ਅਤੇ ਕੰਮ ਛੋੜ ਹੜਤਾਲ ਰਹੀ ਅਤੇ ਸਾਰਾ ਸਰਕਾਰੀ ਕੰਮ ਕਾਜ ਠੱਪ ਰਿਹਾ । ਇਸ ਕਲਮ ਛੋੜ ਹੜਤਾਲ ਦੌਰਾਨ ਵੱਖ ਵੱਖ ਵਿਭਾਗਾਂ ਦੇ ਸੈਕੜੇ ਕਰਮਚਾਰੀਆਂ ਵੱਲ ਜ਼ਬਰਦਸਤ ਅਰਥੀ ਫੂਕ ਮੁਜ਼ਾਹਰਾ ਕਰਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਖਾਲੀ ਪੀਪੇ ਖੜਕਾਏ ਗਏ । ਇਸ ਰੋਸ ਮੁਜ਼ਾਹਰੇ ਦੀ ਅਗਵਾਈ ਸਾਂਝੇ ਫਰੰਟ ਦੇ ਕਨਵੀਨਰਜ਼ ਅਜਮੇਰ ਸਿੰਘ, ਰਾਮ ਪ੍ਰਸ਼ਾਦ, ਮਨਹੋਰ ਲਾਲ, ਕ੍ਰਿਸ਼ਨ ਚੰਦ ਜਾਗੋਵਾਲੀਆ, ਰਾਕੇਸ਼ ਕੁਮਾਰ, ਅਜੀਤ ਸਿੰਘ ਸੋਢੀ ਵੱਲੋ ਕੀਤੀ ਗਈ । ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸਨਰਜ਼ ਸਾਂਝਾ ਫਰੰਟ ਨੇ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਬਕਾਇਆ ਡੀ ਏ ਦੀਆਂ ਕਿਸਤਾਂ ਜਾਰੀ ਕਰਨ , ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਹਿੱਤ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਨਾਲ ਧੋਖਾ ਕਰਨ ਦੀ ਨੀਤੀ ਖਿਲਾਫ ਸਥਾਨਕ ਡੀਸੀ ਕੰਪਲੈਕਸ ਸਾਹਮਣੇ ਅਰਥੀ ਫੂਕ ਮੁਜ਼ਾਹਰਾ ਕਰਕੇ ਚੱਕਾ ਜਾਮ ਕੀਤਾ ਗਿਆ । 
ਇਸ ਮੌਕੇ ਮੁਲਾਜ਼ਮਾਂ ਦੇ ਵੱਡੇ ਇਕੱਠ ਨੂੰ ਜੁਗਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜ਼ਾਨਚੀ, ਜਸਮੀਤ ਸਿੰਘ ਸੈਡੀ ਪ੍ਰਧਾਨ ਜਲ ਸਰੋਤ ਵਿਭਾਗ, ਪਰਵੀਨ ਕੁਮਾਰ ਜਨਰਲ ਸਕੱਤਰ, ਪਿੱਪਲ ਸਿੰਘ, ਓਮ ਪ੍ਰਕਾਸ਼ ਰਾਣਾ, ਭੁਪਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਡਰਾਫਟਸਮੈਨ ਐਸੋਸੀਏਸ਼ਨ, ਜਗਸੀਰ ਸਿੰਘ ਭਾਂਗਰ ਜ਼ਿਲਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਨਛੱਤਰ ਸਿੰਘ, ਸੰਤੋਖ ਸਿੰਘ ਤੱਖੀ, ਰਾਜਪਾਲ ਬੈਸ, ਸੋਨੂੰ ਕਸ਼ਅੱਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਵਿਲਸਨ ਡੀਸੀ ਦਫਤਰ, ਗੁਰਦੇਵ ਸਿੰਘ, ਰਾਜ ਕੁਮਾਰ, ਗੁਰਲਾਭ ਸਿੰਘ ਪੋਲੀਟੈਕਨੀਕਲ ਕਾਲਜ, ਬਿਕਰਮ ਸਿੰਘ ਆਬਕਾਰੀ ਤੇ ਕਰ ਵਿਭਾਗ, ਨਰਿੰਦਰ ਸ਼ਰਮਾ ਅਤੇ ਰੌਬਿਨ ਪੈਰਾ ਮੈਡੀਕਲ, ਡਾ: ਜਤਿੰਦਰ ਕੋਛੜ, ਡਾ: ਡੇਵਿਡ, ਸ੍ਰੀ ਨਰੇਸ਼ ਸੈਣੀ ਸੂਬਾ ਪ੍ਰਧਾਨ ਖੇਤੀਬਾੜੀ ਇੰਸਪੈਕਟਰ ਯੂਨੀਅਨ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਲੰਗੜਾ ਪੇ-ਕਮਿਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੀ ਹਰ ਮਲਾਜ਼ਮ ਵਰਗ ਨਿਖੇਦੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੇ-ਕਮਿਸ਼ਨ ਵਿਚ ਜਲਦੀ ਹੀ ਸੋਧ ਕਰਨ ਅਤੇ 3.01 ਦੇ ਫਾਰਮੂਲੇ ਨਾਲ ਤਨਖਾਹ ਸਕੇਲ ਲਾਗੂ ਕਰਨ, ਨਹੀਂ ਮੁਲਾਜ਼ਮ ਜਥੇਬੰਦੀ ਵੱਲੋ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਆਗੂਆਂ ਆਖਿਆ ਕਿ ਸਰਕਾਰ ਕਹਿ ਰਹੀ ਹੈ ਕਿ ਕੱਚੇ ਮੁਲਾਜ਼ਮ ਪੱਕੇ ਕਰਨ ਵਾਸਤੇ ਪੈਸਾ ਨਹੀਂ, ਮਾਣ ਭੱਤਾ ਇਨਸੈਨਟਿਵ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਜਿਊਣ ਯੋਗੇ ਪੈਸੇ ਨਹੀਂ ਦਿੱਤੇ ਜਾ ਸਕਦੇ, ਤਨਖਾਹ ਕਮਿਸ਼ਨ, ਮਹਿੰਗਾਈ ਭੱਤਾ ਦੇਣ ਲਈ ਪੈਸਾ ਨਹੀਂ, ਸਮਾਜਿਕ ਸੁਰੱਖਿਆ ਦੇ ਤੌਰ ਤੇ ਮਿਲਦੀ ਪੈਨਸ਼ਨ ਦੇਣੀ ਸਾਡੀ ਜ਼ਿੰਮੇਵਾਰੀ ਨਹੀਂ, ਸੂਬੇ ਦੀ ਤਰੱਕੀ ਮੁਲਾਜ਼ਮਾਂ ਤੇ ਟੈਕਸ ਲਗਾ ਕੇ ਕੀਤੀ ਜਾਵੇਗੀ, ਦੂਜੇ ਪਾਸੇ ਸਰਕਾਰੀ ਖ਼ਜ਼ਾਨੇ ਵਿੱਚੋਂ ਆਪਣੀਆਂ ਪੈਨਸ਼ਨਾਂ ਆਪਣੇ ਭੱਤੇ ਲਗਾਤਾਰ ਵਧਾਏ ਜਾ ਰਹੇ ਹਨ, ਲਗਜ਼ਰੀ ਕਾਰਾਂ, ਫਲੈਟਸ, ਮੰਤਰੀ ਮੰਡਲ ਨੂੰ ਹਰ ਤਰ੍ਹਾਂ ਦੀਆਂ ਖੁੱਲ੍ਹੀਆਂ ਛੋਟਾਂ ਦੇ ਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ ਇੱਥੋਂ ਤੱਕ ਕੇ ਹਰ ਤਰ੍ਹਾਂ ਦੀ ਚੱਲ ਅਤੇ ਅਚੱਲ ਸਰਕਾਰੀ ਜਾਇਦਾਦ ਵੇਚ ਕੇ ਮੋਟੀਆਂ ਰਕਮਾਂ ਬਤੌਰ ਕਮਿਸ਼ਨ ਲਈਆਂ ਜਾ ਰਹੀਆਂ ਹਨ । ਮੁਲਾਜ਼ਮ ਆਗੂਆਂ ਆਖਿਆ ਕਿ ਇਨ੍ਹਾਂ ਹਾਲਤਾਂ ਅੰਦਰ ਪੰਜਾਬ ਦੇ ਮੁਲਾਜ਼ਮਾਂ ਕੋਲ ਹੜਤਾਲ ਤੇ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ , ਇਸ ਲਈ ਪੰਜਾਬ ਦੇ ਮੁਲਾਜ਼ਮ ਇਹ ਦੋ ਰੋਜ਼ਾ ਹੜਤਾਲ ਕਰਨਗੇ ਜੇਕਰ ਸਰਕਾਰ ਨੇ ਫਿਰ ਵੀ ਕੋਈ ਸਬਕ ਨਾ ਸਿੱਖਿਆ ਤਾਂ ਪੰਜਾਬ ਦੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਲਈ ਮਜਬੂਰ ਹੋਣਗੇ। ਉਨ੍ਹਾਂ ਦੱਸਿਆ ਕਿ ਦਿ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਵੱਲੋ 14 ਤੋ 15 ਜੁਲਾਈ ਨੂੰ 24 ਘੰਟੇ ਦੀ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ 29 ਜੁਲਾਈ ਨੂੰ ਮੁੱਖ ਮੰਤਰੀ ਦੇ ਹਲਕੇ ਵਿਚ ਮਹਾ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਇਕੱਤਰ ਹੋਏ ਸੈਕੜੇ ਮੁਲਾਜ਼ਮਾ ਜੀ.ਟੀ. ਰੋਡ ਤੇ ਚੱਕਾ ਜਾਮ ਕਰਕੇ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਖਿਲਾਫ ਡੱਟ ਕੇ ਪਿੱਟ ਸਿਆਪਾ ਕੀਤਾ ਗਿਆ ।
ਇਸ ਮੌਕੇ ਤਨਖਾਹ ਕਮਿਸ਼ਨ ਤੇ ਗੱਲ ਕਰਦਿਆਂ ਸਾਂਝਾ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਇਸ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਸਾਂਝੇ ਫਰੰਟ ਵੱਲੋਂ ਮੁੱਢੋਂ ਰੱਦ ਕਰ ਦਿੱਤਾ ਗਿਆ ਹੈ ਕਿਉਂ ਕਿ ਇਸ ਤਨਖਾਹ ਕਮਿਸ਼ਨ ਵਿਚ ਤਰੁੱਟੀਆਂ ਹੀ ਤਰੁੱਟੀਆਂ ਹਨ ਅਤੇ ਮੁਲਾਜ਼ਮ/ ਪੈਨਸ਼ਨਾਂ ਨੂੰ ਕੁਝ ਦੇਣ ਦੀ ਥਾਂ ਉਤੇ ਖੋਹਣ ਦਾ ਹੀ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਵਰਗ ਨੂੰ ਵਾਰ-ਵਾਰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਮੁਲਾਜ਼ਮਾਂ ਦਾ ਡੀਏ ਜਾਰੀ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨਾ, ਕੱਚੇ ਮੁਲਾਜ਼ਮ ਪੱਕੇ ਨਾ ਕਰਨਾ, ਠੇਕਾਦਾਰੀ ਸਿਸਟਮ ਬੰਦ ਕਰਨਾ, 200 ਰੁਪਏ ਜਜੀਆ ਟੈਕਸ ਵਸੂਲ ਕਰਨਾ ਸਮੇਤ ਹੋਰ ਕਈ ਮੰਗਾਂ ਜੋ ਪੰਜਾਬ ਸਰਕਾਰ ਵੱਲੋ ਨਹੀ ਮੰਨਿਆ ਗਈਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਹਾ ਗਿਆ ਸੀ ਕਿ ਮੁਲਾਜ਼ਮਾਂ ਦੀ ਪੈਨਸ਼ਨ ਜੋ 2004 ਤੋ ਬਾਅਦ ਬੰਦ ਕੀਤਾ ਗਿਆ ਹੈ ਬਾਰੇ ਪੇ-ਕਮਿਸ਼ਨ ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਹੁਣ ਸਰਕਾਰ ਵੱਲੋਂ ਪੇ-ਕਮਿਸ਼ਨ ਜਾਰੀ ਤਾ ਕਰ ਦਿੱਤਾ ਗਿਆ ਹੈ ਪਰ ਪੁਰਾਣੀ ਪੈਨਸ਼ਨ ਸਕੀਮ ਬਾਰੇ ਕੋਈ ਵੀ ਗੱਲ ਨਹੀ ਕੀਤੀ ਗਈ ਜਿਸ ਕਰਕੇ ਮੁਲਾਜ਼ਮ ਵਰਗ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ।

English






