ਜ਼ਿਲ੍ਹੇ ਚੋਂ ਹੁਣ ਤੱਕ ਖਰੀਦ ਕੀਤੀ ਕਣਕ ਲਈ 1.25 ਕਰੋੜ ਬੋਰੀਆਂ ਦਾ ਕੀਤਾ ਗਿਆ ਪ੍ਰਬੰਧ: ਡੀ.ਐਫ.ਐਸ.ਸੀ.
ਜ਼ਿਲ੍ਹੇ ‘ਚ ਬਾਰਦਾਨੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਫ਼ਸਲਾਂ ਸਮੇਂ ਸਿਰ ਚੁੱਕੀਆਂ ਜਾ ਰਹੀਆਂ ਹਨ : ਹਰਸ਼ਰਨਜੀਤ ਸਿੰਘ
ਪਟਿਆਲਾ, 23 ਅਪ੍ਰੈਲ:
ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਗੀ ਹਾਲਤ ਦੇ ਵਰਤੇ ਬਾਰਦਾਨੇ ਦੀ ਮੁੜ ਵਰਤੋਂ ਦੀ ਮਨਜ਼ੂਰੀ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ 7 ਲੱਖ ਬੋਰੀਆਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਬਾਰਦਾਨੇ ਦੀ ਹੁਣ ਕੋਈ ਸਮੱਸਿਆ ਨਹੀਂ ਹੈ ਅਤੇ ਮੰਗ ਮੁਤਾਬਕ ਬਾਰਦਾਨਾ ਉਪਲਬਧ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੰਗੇ ਹਾਲਤ ਦੇ ਵਰਤੇ ਬਾਰਦਾਨੇ ਦੀ ਮੁੜ ਵਰਤੋਂ ਦੇ ਲਏ ਫੈਸਲੇ ਤੋਂ ਬਾਅਦ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰਾਂ ਨੂੰ ਬਾਰਦਾਨੇ ਦੀ ਵੰਡ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ ਅਤੇ ਉਸ ਤੋਂ ਬਾਅਦ ਜ਼ਿਲ੍ਹੇ ‘ਚ 7 ਲੱਖ ਬੋਰੀਆਂ ਦਾ ਪ੍ਰਬੰਧ ਹੋ ਚੁੱਕਾ ਹੈ ਅਤੇ ਗਿਣਤੀ ਵਿਚ ਲਗਾਤਾਰ ਵਾਧਾ ਵੀ ਹੋ ਰਿਹਾ ਹੈ।
ਡੀ.ਐਫ.ਐਸ.ਸੀ. ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ‘ਚ 1 ਕਰੋੜ 25 ਲੱਖ ਬੋਰੀ ‘ਚ ਖ਼ਰੀਦੀ ਹੋਈ ਕਣਕ ਪਾਈ ਭਰੀ ਜਾ ਚੁੱਕੀ ਹੈ ਅਤੇ ਨੈਸ਼ਨਲ ਫੂਡ ਸਕਿਉਰਿਟੀ ਐਕਟ ਤਹਿਤ ਖ਼ਰੀਦੀ ਜਾ ਰਹੀ 53 ਹਜ਼ਾਰ ਮੀਟਰਿਕ ਟਨ ਕਣਕ ਲਈ ਵੀ ਲੋੜੀਂਦਾ ਬਾਰਦਾਨਾ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਪੁੱਜੀ ਕਣਕ ‘ਚੋਂ 97 ਫ਼ੀਸਦੀ ਦੀ ਖ਼ਰੀਦ ਕਰਕੇ ਕਿਸਾਨਾਂ ਨੂੰ 539.93 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਹਾਲੇ ਤੱਕ ਆਪਣੀ ਰਜਿਸਟਰੇਸ਼ਨ ਅਨਾਜ ਖ਼ਰੀਦ ਪੋਰਟਲ ‘ਤੇ ਨਹੀਂ ਕਰਵਾਈ ਗਈ ਉਹ ਮਾਰਕਿਟ ਕਮੇਟੀਆਂ ‘ਚ ਬਣਾਏ ਗਏ ਕਿਸਾਨ ਹੈਲਪ ਡੈਸਕ ‘ਤੇ ਜਾਕੇ ਆਪਣੀ ਰਜਿਸਟਰੇਸ਼ਨ ਕਰਵਾਉਣ ਤਾਂ ਜੋ ਉਨ੍ਹਾਂ ਦੀ ਜਿਣਸ ਦੀ ਸਿੱਧੀ ਅਦਾਇਗੀ ਉਨ੍ਹਾਂ ਦੇ ਖਾਤਿਆਂ ‘ਚ ਪਾਈ ਜਾ ਸਕੇ।

English






