ਪੰਜਾਬ ਹੁਨਰ ਵਿਕਾਸ ਮਿਸ਼ਨ ਰੂਪਨਗਰ ਵੱਲੋਂ ਅੱਜ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ 

ਪੰਜਾਬ ਹੁਨਰ ਵਿਕਾਸ ਮਿਸ਼ਨ ਰੂਪਨਗਰ ਵੱਲੋਂ ਅੱਜ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਡਾਟਾ ਐਂਟਰੀ ਓਪਰੇਟਰ ਦੀਆਂ 80 ਅਸਾਮੀਆਂ ਭਰਨ ਲਈ ਇੰਟਰਵਿਊ ਲਈ ਜਾਵੇਗੀ
ਰੂਪਨਗਰ, 01 ਜਨਵਰੀ:2023
ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਅੱਜ 2 ਜਨਵਰੀ ਦਿਨ ਮੰਗਲਵਾਰ ਨੂੰ ਗੁਰੂ ਤੇਗ਼ ਬਹਾਦੁਰ ਹੈਲਥ ਐਂਡ ਵੈਲਫੇਅਰ ਸੋਸਾਇਟੀ, ਕਲਗ਼ੀਧਰ ਕੰਨਿਆ ਪਾਠਸ਼ਾਲਾ ਰੂਪਨਗਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ. ਰੂਪਨਗਰ ਸ. ਗੁਰਪ੍ਰੀਤ ਸਿੰਘ, ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਏਰੀਅਲ ਟੈਲੀਕਾਮ ਸਲਿਊਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਡਾਟਾ ਐਂਟਰੀ ਓਪਰੇਟਰ ਦੀਆਂ 80 ਅਸਾਮੀਆਂ ਭਰਨ ਲਈ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਬਾਰਵੀਂ ਅਤੇ ਗ੍ਰੈਜੁਏਟ ਪਾਸ ਉਮੀਦਵਾਰ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਦੀ ਉਮਰ ਸੀਮਾ 18 ਤੋਂ 30 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੋਨੋਂ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇੰਟਰਵਿਊ ਦੇਣ ਲਈ ਉਮੀਦਵਾਰ ਆਪਣਾ ਬਾਇਓਡਾਟਾ, ਅਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟਸ ਅਤੇ ਜਾਤੀ ਸਰਟੀਫਿਕੇਟ (ਜੇਕਰ ਹੋਵੇ) ਆਦਿ ਲੈ ਕੇ ਆ ਸਕਦੇ ਹਨ।
ਬਲਾਕ ਮਿਸ਼ਨ ਮੈਨੇਜਰ, ਪੀ.ਐਸ.ਡੀ.ਐਮ. ਰੂਪਨਗਰ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰ ਸਮੇਂ ਸਿਰ ਇਸ ਪਲੇਸਮੈਂਟ ਕੈਂਪ ਵਿੱਚ ਸ਼ਾਮਿਲ ਹੋ ਕੇ ਮੌਕੇ ਦਾ ਲਾਭ ਉਠਾਉਣ।