ਪੰਜਾਬ ਹੈਂਡੀਕਰਾਫਟ ਮੇਲੇ ਦੀ ਪਹਿਲੀ ਸ਼ਾਮ ਫਾਜਿ਼ਲਕਾ ਵਿਚ ਪਈ ਪੰਜਾਬੀ ਵਿਰਸੇ ਦੀ ਧਮਕ  

— ਪ੍ਰਤਾਪ ਬਾਗ ਵਿਚ ਲੋਕ ਨਾਚਾਂ ਨੇ ਦਰਸ਼ਕਾਂ ਨੂੰ ਲਾਇਆ ਝੂੰਮਣ
ਫਾਜ਼ਿਲਕਾ 7 ਨਵੰਬਰ:
ਪੰਜਾਬ ਹੈਂਡੀਕਰਾਫਟ ਮੇਲੇ ਦੇ ਪਹਿਲੇ ਦਿਨ ਦੀ ਸ਼ਾਮ ਫਾਜਿ਼ਲਕਾ ਦੇ ਪ੍ਰਤਾਪ ਬਾਗ ਵਿਚ ਪੰਜਾਬੀ ਵਿਰਸੇ ਦੀ ਧਮਕ ਪਈ। ਲੋਕ ਨਾਚਾਂ ਨੇ ਮੇਲੇ ਵਿਚ ਪੁੱਜੇ ਫਾਜਿ਼ਲਕਾ ਵਾਸੀਆਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ। ਸ਼ਾਨਦਾਰ ਰੌਸਨੀਆਂ ਨਾਲ ਸਿੰਗਾਰੇ ਪ੍ਰਤਾਪ ਬਾਗ ਵਿਚ ਸੰਗੀਤ ਅਤੇ ਲੋਕ ਨਾਚਾਂ ਦੀ ਅਜਿਹੀ ਛਹਿਬਰ ਲੱਗੀ ਕੇ ਦੇਰ ਰਾਤ ਤੱਕ ਹਰ ਦਰਸ਼ਕ ਇਸ ਦਾ ਆਨੰਦ ਮਾਣਦਾ ਵਿਖਾਈ ਦਿੱਤਾ।

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਵਿਚ ਪਹਿਲੀ ਵਾਰ ਕਰਵਾਏ ਜਾ ਰਹੇ ਇਸ ਮੈਗਾ ਇਵੈਂਟ ਦੇ ਪਹਿਲੇ ਦਿਨ ਦੀ ਸ਼ਾਮ ਦੇ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਜਿਲ਼੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ ਨੇ ਜਯੌਤੀ ਪ੍ਰਜਲਵਿਤ ਕਰਕੇ ਕੀਤੀ।

ਇਸ ਮੌਕੇ ਰਵੀ ਇੰਟਰਨੈਸ਼ਨਲ ਸਭਿਆਚਾਰਕ ਗਰੁੱਪ ਦੇ ਕਲਾਕਾਰਾਂ ਦੀ ਟੀਮ ਨੇ ਪੰਜਾਬੀ ਵਿਰਸੇ ਦੀ ਅਲੌਕਿਕ ਝਲਕ ਦੀ ਪੇਸ਼ਕਾਰੀ ਕਰਕੇ ਪੁਰਾਤਨ ਤੇ ਨਵੇਂ ਪੰਜਾਬ ਦਾ ਸੰਗਮ ਦਰਸ਼ਕ ਸਾਹਮਣੇ ਜੀਵਤ ਕਰ ਦਿੱਤਾ। ਹਰ ਕਿਸੇ ਦੇ ਪੈਰ ਪੰਜਾਬੀ ਸੰਗਤੀ ਦੀਆਂ ਧੁੰਨਾਂ ਨਾਲ ਥਿਰਕ ਰਹੇ ਸਨ।

ਇਸ ਤੋਂ ਬਿਨ੍ਹਾਂ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਲੋਕ ਨਾਚ ਸੰਮੀ ਅਤੇ ਜਿ਼ਲ੍ਹਿਆ ਵਾਲੇ ਬਾਗ ਦੇ ਸਾਕੇ ਸਬੰਧੀ ਭਾਵਪੂਰਕ ਪੇਸ਼ਕਾਰੀ ਨੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਨੂੰ ਮੁੜ ਨਵੀਂ ਪੀੜ੍ਹੀ ਦੇ ਸਨਮੁੱਖ ਸਾਕਾਰ ਰੂਪ ਵਿਚ ਪੇਸ਼਼ ਕੀਤਾ।

ਦਸਤਕਾਰਾਂ ਅਤੇ ਸਿਲਪਕਾਰਾਂ ਦੀਆਂ ਕਲਾਕ੍ਰਿਤਾ ਦਾ ਵੀ ਲੋਕਾਂ ਨੇ ਖੂਬ ਆਨੰਦ ਮਾਣਿਆ ਅਤੇ ਇਸ ਮੇਲੇ ਵਿਚ ਰੱਜਵੀ ਖਰੀਦਦਾਰੀ ਵੀ ਕੀਤੀ। ਮੇਲੇ ਵਿਚ ਬਹੁਤ ਸਾਰੇ ਸਵੈ ਸਹਾਇਤਾ ਸਮੂਹਾਂ ਨੇ ਵੀ ਆਪਣੀਆਂ ਸਟਾਲਾਂ ਲਗਾਈਆਂ ਹੋਈਆਂ ਹਨ।

ਫਾਜ਼ਿਲਕਾ ਦੇ ਉੱਘੇ ਕਲਾਕਾਰ ਜਸਵਿੰਦਰ ਜੱਸੀ ਵੱਲੋਂ ਨਸ਼ਿਆਂ ਦੇ ਖਿਲਾਫ ਗਾਏ ਗੀਤ ਨੂੰ ਹਾਜ਼ਰ ਸਰੋਤਿਆਂ ਨੂੰ ਸਕਰੀਨ ਤੇ ਦਿਖਾਇਆ ਗਿਆ ਤੇ ਜਿੱਥੇ ਇਸ ਗੀਤ ਨੇ ਸ਼ਾਤਮਈ ਮਾਹੌਲ ਪੈਦਾ ਕੀਤਾ ਉੱਥੇ ਹੀ ਹਾਜ਼ਰ ਜਿ਼ਲ੍ਹਾ ਵਾਸੀਆਂ ਵੱਲੋਂ ਗੀਤ ਦੀ ਖੂਬ ਵਾਹ ਵਾਹ ਵੀ ਕੀਤੀ ਗਈ।

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਇਹ ਮੇਲਾ ਫਾਜਿ਼ਲਕਾ ਨੂੰ ਇਕ ਨਵੀਂ ਪਹਿਚਾਣ ਦੇਵੇਗਾ ਅਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਫਾਜਿ਼ਲਕਾ ਦੇ ਲੋਕਾਂ ਨੂੰ ਇਕ ਨਵਾਂ ਅਹਿਸਾਸ ਹੋਵੇਗਾ। ਉਨ੍ਹਾਂ ਦੱਸਿਆ ਕਿ 10 ਨਵੰਬਰ ਤੱਕ ਚੱਲਣ ਵਾਲੇ ਇਸ ਮੇਲੇ ਵਿਚ ਹਰ ਰੋਜ ਸਵੇਰੇ 11 ਵਜੇ ਤੋਂ ਰਾਤ 10 ਵਜੇਂ ਤੱਕ ਇਕ ਤੋਂ ਇਕ ਵੱਖਰੇ ਅਤੇ ਸ਼ਾਨਦਾਰ ਰੰਗ ਵੇਖਣ ਨੂੰ ਮਿਲਣਗੇ। ਇਸ ਲਈ ਉਨ੍ਹਾਂ ਸਮੂਹ ਜਿ਼ਲ੍ਹਾ ਵਾਸੀਆਂ ਨੂੰ ਮੁੜ ਤੋਂ ਮੇਲੇ ਵਿਚ ਸਿ਼ਰਕਤ ਦਾ ਸੱਦਾ ਦਿੱਤਾ।

ਮੇਲੇ ਵਿਚ ਹੋ ਰਹੇ ਪ੍ਰਸ਼ਨੋਤਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਇਨਾਮ ਵੀ ਵੰਡੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਵਿੰਦਰ ਸਿੰਘ ਅਰੋੜਾ, ਗ੍ਰੈਜੁਏਟ ਵੈਲਫੇਅਰ ਐਸਸੀਏਸ਼ਨ ਤੋਂ ਸ੍ਰੀ ਨਵਦੀਪ ਅਸੀਜਾ, ਰੀਤਿਸ਼ ਕੁੱਕੜ, ਜਸਵਿੰਦਰ ਚਾਵਲਾ, ਪਾਰਸ ਕਟਾਰੀਆ, ਅੰਕੁਸ਼ ਗਰੋਵਰ, ਪਰਮਿੰਦਰ ਸਿੰਘ ਜੱਸਲ, ਰਾਜੀਵ ਚੋਪੜਾ, ਸਵੀਪ ਪ੍ਰੋਜੈਕਟ ਦੇ ਇੰਚਾਰਜ ਰਜਿੰਦਰ ਵਿਖੋਣਾ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸ਼ਮੂਹ ਸ਼ਹਿਰ ਵਾਸੀ ਹਾਜਰ ਸਨ।