ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਗਾ ਕੇ ਆਪਣੇ ਆਲੇ-ਦੁਆਲੇ ਦੇ ਹੋਰ ਕਿਸਾਨਾਂ ਲਈ ਅਦਰਸ਼ ਮਿਸਾਲ ਬਣਿਆ ਅਗਾਂਹਵਧੁ ਕਿਸਾਨ ਤਰਸੇਮ ਸਿੰਘ

ਅੱਗ ਲਗਾਉਣ ਦੀ ਬਜਾਏ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹ ਕੇ ਪ੍ਰਾਪਤ ਕਰ ਰਿਹਾ ਹੈ ਫਸਲਾਂ ਦਾ ਚੰਗਾ ਝਾੜ
ਤਰਨ ਤਾਰਨ, 17 ਅਕਤੂਬਰ :
ਪੰਜਾਬ ਵਿੱਚ ਪਿਛਲੇ ਕਾਫੀ ਲੰਬੇ ਸਮੇ ਤੋਂ ਕਣਕ ਦਾ ਨਾੜ, ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਲਗਾਉਣ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਗਰੀਨ ਟਿ੍ਰਬਿਊਨਲ ਵੱਲੋ ਕਾਫੀ ਜੱਦੋ-ਜਹਿਦ ਕਰਨ ਤੋ ਬਾਅਦ ਵੀ ਇਹ ਰੁਕਦਾ ਨਜ਼ਰ ਨਹੀ ਆ ਰਿਹਾ। ਖੇਤੀਬਾੜੀ ਵਿਭਾਗ ਵੱਲੋਂ ਵੀ ਕਿਸਾਨਾਂ ਨੂੰ ਸਮੇਂ-ਸਮਂੇ ‘ਤੇ ਇਸ ਦੇ ਮਾੜੇ ਨਤੀਜਿਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਰਿਹਾ ਹੈ, ਪਰ ਫਿਰ ਵੀ ਇਸ ਦੇ ਕੋਈ ਸਾਰਥਿਕ ਨਤੀਜੇ ਨਹੀ ਪ੍ਰਾਪਤ ਹੋਏ ਹਨ। ਪ੍ਰੰਤੂ ਕੁਝ ਅਜਿਹੇ ਕਿਸਾਨ ਵੀ ਹਨ ਜਿਹੜੇ ਅੱਗ ਲਗਾਉਣ ਦੇ ਮਾੜੇ ਨਤੀਜਿਆਂ ਨੂੰ ਜਾਣਦੇ ਹੋਏ  ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਲਗਾਉਣ ਦੀ ਬਜਾਏ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹ ਕੇ ਚੰਗਾ ਝਾੜ ਪ੍ਰਾਪਤ ਕਰ ਰਹੇ ਹਨ।
ਇਸੇ ਤਰਾ੍ਹ ਦਾ ਹੀ ਅਗਾਂਹਵਧੁ ਕਿਸਾਨ ਤਰਸੇਮ ਸਿੰਘ ਪੁੱਤਰ ਸ੍ਰੀ ਗੁਰਪਾਲ ਸਿੰਘ ਪਿੰਡ ਅਮਰਕੋਟ ਦਾ ਰਹਿਣ ਵਾਲਾ ਹੈ। ਜੋ ਆਪਣੀ 6 ਏਕੜ ਜਮੀਨ ਵਿੱਚ ਖੇਤੀ ਕਰ ਰਿਹਾ ਹੈ। ਇਹ ਕਿਸਾਨ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿੱਚ ਹੀ ਵਾਹ ਦਿੰਦਾ ਹੈ ਅਤੇ ਬਹੁਤ ਘੱਟ ਮਾਤਰਾ ਵਿੱਚ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਰਦਾ ਹੋਇਆ ਵਧੀਆ ਝਾੜ ਪ੍ਰਾਪਤ ਕਰ ਰਿਹਾ ਹੈ। ਰਹਿੰਦ-ਖੂੰਹਦ ਨੂੰ ਜ਼ਮੀਨ ਵਿੱਚ ਵਾਹੁਣ ਅਤੇ  ਖਾਦਾਂ ਅਤੇ ਕੀਟਨਾਸਕ ਦਵਾਈਆਂ ਦੀ ਘੱਟ ਵਰਤੋ ਕਰਨ ਨਾਲ ਉਸ ਨੇ ਖੇਤੀ ਲਾਗਤਾਂ ਨੂੰ ਕਾਫੀ ਹੱਦ ਤੱਕ ਘੱਟ ਕਰ ਲਿਆ ਹੈ। ਇਹ ਕਿਸਾਨ ਫਸਲੀ ਵਿਭਿੰਨਤਾ ਨੂੰ ਅਪਣਾਉਦੇ ਹੋਏ ਰਵਾਇਤੀ ਫਸਲਾਂ ਜਿਵੇ ਕਣਕ, ਝੋਨੇ ਦੇ ਨਾਲ-ਨਾਲ ਦਾਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ। ਇਸ ਤਰਾ੍ਹ ਇਹ ਕਿਸਾਨ ਆਪਣੇ ਆਲੇ -ਦੁਆਲੇ ਦੇ ਹੋਰ ਕਿਸਾਨਾਂ ਲਈ ਅਦਰਸ਼ ਮਿਸਾਲ ਹੈ।