ਤਰਨ ਤਾਰਨ, 29 ਅਕਤੂਬਰ :
ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਨ ਚ ਪੈਦਾ ਹੋਣ ਵਾਲੀਆਂ ਜ਼ਹਿਰੀਲਆਂ ਗੈਸਾਂ, ਧੂੜ ਦੇ ਕਣਾਂ ਨਾਲ ਸਾਹ ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾ ਰਿਹਾ ਹੈ, ਪਿੰਡ ਕੈਰੋਂ ਵਾਸੀ ਅਗਾਂਹਵਧੂ ਕਿਸਾਨ ਗੌਰਵਦੀਪ ਸਿੰਘ। ਇਸ ਦੇ ਨਾਲ ਹੀ ਉਹ ਪਰਾਲੀ ਨੂੰ ਖੇਤ ਵਿੱਚ ਬੇਲਰ ਰੈਕ ਖੇਤੀ ਮਸ਼ੀਨ ਰਾਹੀਂ ਬਾਹਰ ਕੱਢ ਕੇ ਫਸਲਾਂ ਦਾ ਵਧੀਆ ਝਾੜ ਲੈਣ ਕਾਰਨ ਹੋਰ ਕਿਸਾਨਾਂ ਲਈ ਮਿਸਾਲ ਬਣ ਰਿਹਾ ਹੈ।
ਗੌਰਵਦੀਪ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਅਤੇ ਆਤਮਾ ਵਿੰਗ ਜ਼ਿਲਾ ਤਰਨਤਾਰਨ, ਬਲਾਕ ਪੱਟੀ ਦੇ ਸਹਿਯੋਗ ਸਦਕਾ ਵਧੀਆ ਪਰਾਲੀ ਪ੍ਰਬੰਧਨ ਕਰਕੇ ਪਿੰਡ ਵਿੱਚ ਵਾਤਾਵਰਨ ਪ੍ਰੇਮੀ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ।
ਕਿਸਾਨ ਗੌਰਵਦੀਪ ਸਿੰਘ ਨੇ ਦੱਸਿਆ ਕਿ ਉਸ ਨੇ 10 ਏਕੜ ਝੋਨਾ ਵੱਟਾਂ ਉਪਰ ਲਗਾਇਆ ਸੀ, ਜਿਸ ਨਾਲ ਉਸਨੇ ਨਾ ਸਗੋਂ ਪਾਣੀ ਦੀ ਬੱਚਤ ਕੀਤੀ ਹੈ, ਸਗੋਂ ਝੋਨੇ ਦੀ ਰਿਵਾਇਤੀ ਬਿਜਾਈ ਨਾਲੋਂ ਲੇਬਰ ਖਰਚ ਦੀ ਲਾਗਤ ਹੋਣ ਤੋ ਵੀ ਆਪਣੀ ਬੱਚਤ ਕੀਤੀ ਹੈ। ਉਸਨੇ ਦੱਸਿਆ ਕਿ ਵੱਟਾਂ ਉਪਰ ਲਗਾਏ ਝੋਨੇ ਦੀ ਫਸਲ ਬਹੁਤ ਵਧੀਆ ਰਹੀ ਜਿਸਦਾ ਝਾੜ 29 ਕੁਇੰਟਲ ਪ੍ਰਤੀ ਏਕੜ ਆਇਆ।
ਇਸ ਸਾਲ ਗੌਰਵਦੀਪ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਆਤਮਾ ਸਕੀਮ ਅਧੀਨ ਖੇਤੀ ਮਾਹਿਰਾਂ ਦੀ ਸਲਾਹ ਤੇ ਸਹਿਯੋਗ ਸਦਕਾ ਝੋਨੇ ਦੀ ਸਿੱਧੀ ਬਿਜਾਈ ਕਰਕੇ ਕਿਸਮ ਪੀ. ਆਰ. 129 ਦਾ ਢਾਈ ਏਕੜ ਵਿੱਚ ਪ੍ਰਦਰਸ਼ਨੀ ਪਲਾਟ ਵੀ ਲਗਾਇਆ ਸੀ। ਜਿਸਦਾ ਝਾੜ 29 ਕੁਇੰਟਲ ਪ੍ਰਤੀ ਏਕੜ ਆਇਆ ਹੈ, ਜਿਸ ਨਾਲ ਉਸ ਦੇ ਖੇਤੀ ਖਰਚ ਬਹੁਤ ਘੱਟ ਹੋਏ ਹਨ ਅਤੇ ਆਮਦਨ ਵਿੱਚ ਵੀ ਵਾਧਾ ਹੋਇਆ ਹੈ। ਗੌਰਵਦੀਪ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ ਚਾਰ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ, ਜਿਸ ਨਾਲ ਉਸਦੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਹੈ ਅਤੇ ਝਾੜ ਵੀ ਵਧੀਆ ਮਿਲਿਆ ਹੈ।
ਇਸ ਦੇ ਨਾਲ ਉਹ ਆਪਣੇ ਪਿੰਡ ਵਾਸੀਆਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ ਕਿ ਅਸੀਂ ਕਿਵੇਂ ਪਰਾਲੀ ਨਾ ਸਾੜ ਕੇ ਮਸ਼ੀਨਾਂ ਨਾਲ ਪਰਾਲੀ ਦਾ ਪ੍ਰਬੰਧਨ ਕਰ ਸਕਦੇ ਹਾਂ। ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂੰਏ ਕਾਰਨ ਲੱਗਣ ਵਾਲੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋਣ ਤੋਂ ਵੀ ਬਚ ਸਕਦੇ ਹਾਂ।
ਗੌਰਵਦੀਪ ਸਿੰਘ ਨੇ ਦੱਸਿਆ ਕਿ ਉਸਨੇ ਸੁਪਰ ਅੱੈਸ. ਐੱਮ. ਐੱਸ. ਵਾਲੀ ਕੰਬਾਇਨ ਨਾਲ ਝੋਨੇ ਦੀ ਕਟਾਈ ਕਰਵਾਈ ਹੈ ਅਤੇ ਬੇਲਰ ਰੈਕ ਖੇਤੀ ਮਸ਼ੀਨ ਰਾਂਹੀ ਪਰਾਲੀ ਦਾ ਨਿਪਟਾਰਾ ਕਰਕੇ ਇਸ ਸਾਲ ਉਸਨੇ ਕਣਕ ਦੀ ਬਿਜਾਈ ਜ਼ੀਰੋ ਟਿੱਲ ਡਰਿਲ ਖੇਤੀ ਮਸ਼ੀਨ ਨਾਲ ਕਰਨੀ ਹੈ। ਕਿਸਾਨ ਗੌਰਵਦੀਪ ਸਿੰਘ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਵਲੋ ਲਗਾਏ ਜਾਂਦੇ ਬਲਾਕ ਪੱਧਰੀ ਕੈਂਪ, ਐਕਸਪੋਜ਼ਰ ਵਿਜ਼ਿਟ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਮੂਲੀਅਤ ਕਰਵਾੳਣ ਦਾ ਅਹਿਮ ਰੋਲ ਅਦਾ ਕਰਦਾ ਹੈ। ਆਤਮਾ ਸਕੀਮ ਤਹਿਤ ਝੋਨੇ ਦੀ ਸਿੱਧੀ ਬਿਜਾਈ ਦਾ ਪ੍ਰਦਰਸ਼ਨੀ ਪਲਾਟ ਰਾਹੀਂ ਪਾਣੀ ਦੀ ਬੱਚਤ, ਖੇਤੀ ਖਰਚ ਵਿੱਚ ਘੱਟ ਲਾਗਤ, ਨਾਲ ਸੁਚੱਜੀ ਖੇਤੀ ਕਰਕੇ ਲਾਹੇਵੰਦ ਲਾਭ ਪ੍ਰਾਪਤ ਕੀਤਾ।

English





