ਫਾਜਿ਼ਲਕਾ ਦੀ ਸਰਕਾਰੀ ਗਊਸ਼ਾਲਾ ਵਿਚ ਇੱਕਠੀ ਕੀਤੀ ਗਈ 6000 ਕੁਇੰਟਲ ਪਰਾਲੀ

—ਜਾਨਵਰਾਂ ਲਈ ਪਸ਼ੂ ਚਾਰੇ ਵਜੋਂ ਹੋਵੇਗੀ ਵਰਤੋਂ

ਫਾਜਿ਼ਲਕਾ, 22 ਨਵੰਬਰ:

ਫਾਜਿ਼ਲਕਾ ਜਿ਼ਲ੍ਹੇ ਦੀ ਪਰਾਲੀ ਪ੍ਰਬੰਧਨ ਲਈ ਨਿਵੇਕਲੀ ਪਹਿਲਕਦਮੀ ਦੇ ਹਿੱਸੇ ਵਜੋਂ ਜਿ਼ਲ੍ਹੇ ਵਿਚ ਸਰਕਾਰੀ ਗਊ਼ਸ਼ਾਲਾ ਲਈ 6000 ਕੁਇੰਟਲ ਪਰਾਲੀ ਇੱਕਤਰ ਕੀਤੀ ਗਈ ਹੈ।

ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਰਾਂ ਜਿੱਥੇ ਇੱਥੇ ਰੱਖੇ ਜਾ ਰਹੇ ਬੇਸਹਾਰਾ ਜਾਨਵਰਾਂ ਲਈ ਅਗਲੇ ਕੁਝ ਮਹੀਨਿਆਂ ਲਈ ਪਸ਼ੂ ਚਾਰੇ ਦਾ ਪ੍ਰਬੰਧ ਹੋ ਗਿਆ ਹੈ ਉਥੇ ਹੀ ਇਸ ਨਾਲ ਸੈਂਕੜੇ ਏਕੜ ਰਕਬੇ ਦੀ ਪਰਾਲੀ ਇੱਥੇ ਪੁੱਜਣ ਨਾਲ ਇਸ ਪਰਾਲੀ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਸਰਕਾਰੀ ਕੈਟਲ ਪੌਂਡ ਵਿਖੇ ਇਹ ਉਪਰਾਲਾ ਕੀਤਾ ਗਿਆ ਹੈ। ਇਸ ਤਰਾਂ ਕਰਨ ਨਾਲ ਜਿੱਥੇ ਪੌਸ਼ਟਿਕ ਚਾਰਾ ਜਾਨਵਰਾਂ ਲਈ ਇੱਕਤਰ ਹੋਇਆ ਹੈ ਉਥੇ ਹੀ ਇਸ ਨਾਲ ਪਰਾਲੀ ਨੂੰ ਸਾੜਨ ਦੀ ਦਰ ਘੱਟ ਕਰਨ ਵਿਚ ਵੀ ਇਹ ਪ੍ਰੋਜੈਕਟ ਸਹਾਈ ਹੋਇਆ ਹੈ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਬਾਸਮਤੀ ਦੀ ਪਰਾਲੀ ਦੀ ਵਰਤੋਂ ਪਸ਼ੂ ਚਾਰੇ ਵਜੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਆਪਣੇ ਜਾਨਵਰਾਂ ਦੇ ਪਸ਼ੂ ਚਾਰੇ ਵਜੋਂ ਵਰਤਨ ਲਈ ਸੰਭਾਲ ਲੈਣ। ਇਸੇ ਤਰਾਂ ਇਸ ਪਰਾਲੀ ਨਾਲ ਸ਼ਰਦੀ ਰੁੱਤ ਵਿਚ ਜਾਨਵਰਾਂ ਦੇ ਹੇਠਾਂ ਸੁੱਕਾ ਕੀਤਾ ਜਾਵੇ ਤਾਂ ਇਸ ਨਾਲ ਜਾਨਵਰਾਂ ਨੂੰ ਠੰਡ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ ਅਤੇ ਇਹ ਪਰਾਲੀ ਗੋਬਰ ਨਾਲ ਮਿਲ ਕੇ ਬਹੁਤ ਉੱਤਮ ਖਾਦ ਵਿਚ ਤਬਦੀਲ ਹੋ ਜਾਂਦੀ ਹੈ।