ਫੂਡ ਸਪਲਾਈ ਵਿਭਾਗ ਦੇ ਚੇਅਰਮੈਨ ਅਸ਼ੋਕ ਕੁਮਾਰ ਮੀਨਾ ਵੱਲੋਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ਼ ਮੰਡੀ ਖੰਨਾ ਵਿੱਚ ਪਹੁੰਚ ਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ
– ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਲੈ ਕੇ ਆਉਣ ਦੀ ਵੀ ਕੀਤੀ ਅਪੀਲ
– ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਖਰੀਦ ਪ੍ਰਬੰਧਾਂ ਤੇ ਪ੍ਰਗਟਾਈ ਤਸੱਲੀ
– ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਘਣਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਵੀ ਮੀਨਾ ਨਾਲ ਸਨ ਮੌਜੂਦ
ਖੰਨਾ (ਲੁਧਿਆਣਾ), 12 ਅਕਤੂਬਰ:
ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਭਾਰਤ ਸਰਕਾਰ ਦੇ ਫੂਡ ਸਪਲਾਈ ਦੇ ਚੇਅਰਮੈਨ ਅਤੇ ਸੀ.ਡੀ.ਐਮ ਐਫ.ਸੀ.ਆਈ ਸ੍ਰੀ ਅਸ਼ੋਕ ਕੁਮਾਰ ਮੀਨਾ ਨੇ ਦੌਰਾ ਕਰਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਖਰੀਦ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ ਹੈ। ਇਸ ਮੌਕੇ ਉਹਨਾਂ ਦੇ ਨਾਲ ਫੂਡ ਸਪਲਾਈ ਵਿਭਾਗ ਦੇ ਡਾਇਰੈਕਟਰ ਸ੍ਰੀ ਘਣਸਿਆਮ ਥੋਰੀ, ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੀ ਹਾਜ਼ਰ ਸਨ।
ਫੂਡ ਸਪਲਾਈ ਵਿਭਾਗ ਦੇ ਚੇਅਰਮੈਨ ਅਤੇ ਸੀ.ਡੀ.ਐਮ ਐਫ.ਸੀ.ਆਈ ਸ੍ਰੀ ਅਸ਼ੋਕ ਕੁਮਾਰ ਮੀਨਾ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਤੁਰੰਤ ਖਰੀਦ ਹੋ ਸਕੇ। ਉਹਨਾਂ ਕਿਹਾ ਕਿ ਬੇਮੌਸਮੀ ਬਾਰਿਸ਼ ਹੋਣ ਕਰਕੇ ਝੋਨੇ ਵਿੱਚ ਨਮੀ ਦੀ ਮਾਤਰਾ ਵਧੀ ਹੈ, ਇਸ ਉਪਰ ਸਟੱਡੀ ਕਰਕੇ ਜੋ ਪਹਿਲਾਂ ਹੀ ਕੁਝ ਰੂਲ ਬਣੇ ਹੋਏ ਹਨ, ਉਹਨਾਂ ਵਿੱਚ ਕੁੱਝ ਵਾਜਿਬ ਬਦਲਾਅ ਕੀਤੇ ਜਾਣਗੇ, ਪਰ ਇਹ ਵਿਗਿਆਨਿਕ ਸਟੱਡੀ ਕਰਨ ਤੋਂ ਬਾਅਦ ਹੀ ਕੀਤਾ ਜਾਵੇਗਾ ਅਤੇ ਇਹ ਦੇਖਿਆ ਜਾਵੇਗਾ ਕਿ ਕਿੰਨੀ ਪ੍ਰਤੀਸ਼ਤ ਨਮੀ ਦੀ ਦਰ ਚੱਲ ਰਹੀ ਹੈ।
ਸ੍ਰੀ ਮੀਨਾ ਨੇ ਕਿਹਾ ਐਫ.ਸੀ.ਆਈ ਦਾ ਮੁੱਖ ਆਦੇਸ਼ ਇਹ ਹੈ ਕਿ ਜੋ ਝੋਨੇ ਦੀ ਨਿਰਧਾਰਿਤ ਐਮ.ਐਸ.ਪੀ ਹੈ, ਉਸ ਅਨੁਸਾਰ ਕਿਸਾਨਾਂ ਤੋਂ ਖਰੀਦ ਕੀਤੇ ਝੋਨੇ ਦੀ ਅਦਾਇਗੀ ਜਲਦ ਤੋਂ ਜਲਦ ਕੀਤੀ ਜਾਵੇ। ਉਹਨਾਂ ਕਿਹਾ ਕਿ ਐਫ.ਸੀ.ਆਈ ਆਪਣਾ ਚਾਵਲ ਸੈ਼ਲਰ ਮਿੱਲਾਂ ਤੋ ਲੈ ਕੇ ਜਰੂਰਤ ਮੰਦ ਰਾਜਾਂ ਵਿੱਚ ਪਹੁੰਚਦਾ ਕਰਦੀ ਹੈ। ਉਹਨਾਂ ਕਿਹਾ ਕਿ ਐਫ.ਸੀ.ਆਈ ਦੇ ਵਿੱਚ ਜੇਕਰ ਕੋਈ ਅਧਿਕਾਰੀ/ਕਰਮਚਾਰੀ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਇਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ੍ਰੀ ਮੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆ ਅਨਾਜ਼ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿਸਾਨਾਂ ਦੇ ਖਰੀਦ ਕੀਤੇ ਗਏ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 48 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਸ, ਉਪ ਮੰਡਲ ਮੈਜਿਸਟੇ੍ਰਟ ਸ੍ਰੀਮਤੀ ਮਨਜੀਤ ਕੌਰ, ਜਿ਼ਲ੍ਹਾ ਖੁਰਾਕ ਸਪਲਾਈ ਕੰਟਰੋਲਰ (ਪੂਰਬੀ) ਸ੍ਰੀਮਤੀ ਸਿਫਾਲੀ ਚੋਪੜਾ, ਤਹਿਸੀਲਦਾਰ ਸ੍ਰੀ ਨਵਦੀਪ ਭੋਗਲ, ਜ਼ਿਲ੍ਹਾ ਮੰਡੀ ਅਫਸਰ ਲੁਧਿਆਣਾ ਸ੍ਰੀ ਬੀਰਇੰਦਰ ਸਿੰਘ ਸਿੱਧੂ, ਸਕੱਤਰ ਮਾਰਕੀਟ ਕਮੇਟੀ ਖੰਨਾ ਸ੍ਰੀ ਸੁਰਜੀਤ ਸਿੰਘ ਚੀਮਾ, ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਖੰਨਾ ਸ੍ਰ. ਹਰਬੰਸ ਸਿੰਘ ਰੋਸ਼ਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

English






