ਫੂਡ ਸੇਫਟੀ ਟੀਮ ਰੂਪਨਗਰ ਨੇ ਤਿਉਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ 23 ਸੈਂਪਲ ਭਰੇ: ਵਧੀਕ ਡਿਪਟੀ ਕਮਿਸ਼ਨਰ

— ਮਿਠਾਈ ਤੇ ਬੇਕਰੀ ਦੇ ਸਮਾਨ ਉਤੇ ਬੈਸਟ ਬਿਫੋਰ ਲਿਖਣਾ ਲਾਜ਼ਮੀ

ਰੂਪਨਗਰ, 6 ਨਵੰਬਰ:

ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਦੱਸਿਆ ਕਿ ਤਿਉਹਾਰਾਂ ਨੂੰ ਧਿਆਨ ਵਿਚ ਰੱਖਦੇ ਹੋਏ ਫੂਡ ਸੇਫਟੀ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਖਾਣ ਵਾਲੀਆਂ ਵਸਤਾਂ ਦੇ 23 ਸੈਂਪਲ ਭਰੇ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਐਸ.ਡੀ.ਐਮ ਨੰਗਲ ਅਨਮਜੋਤ ਕੌਰ ਅਤੇ ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਦੀ ਅਗਵਾਈ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਖਾਣ ਪੀਣ ਦੀਆਂ ਵਸਤੂਆਂ ਦੀ ਚੈਕਿੰਗ ਕੀਤੀ ਅਤੇ ਦੁਕਾਨਦਾਰਾਂ, ਡੇਅਰੀ ਉਤਪਾਦਕਾਂ ਅਤੇ ਦੋਧੀਆਂ ਨੂੰ ਫੂਡ ਸੇਫਟੀ ਦੇ ਨਿਯਮਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਉਤੇ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ।

ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਿਲਾਵਟ ਖੋਰੀ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਅੱਜ ਪਿੰਡ ਕਲਵਾਂ ਵਿਖੇ ਨਾਕਾਬੰਦੀ ਕਰਕੇ ਸਵੇਰ ਹੀ ਦੁੱਧ ਦੇ ਸੈਂਪਲ ਭਰੇ ਗਏ ਅਤੇ ਅੱਗੇ ਵੀ ਨਾਕਾਬੰਦੀ ਕਰਕੇ ਜ਼ਿਲ੍ਹੇ ਵੱਖ-ਵੱਖ ਇਲਾਕਿਆਂ ਵਿਚ ਖਾਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਜਾਣਗੇ।

ਉਨ੍ਹਾਂ ਕਿਹਾ ਕਿ ਖਾਣ ਵਾਲੀਆਂ ਵਸਤੂਆਂ ਦੀ ਗੁਣਵਤਾ ਅਤੇ ਪੌਸ਼ਟਿਕਤਾ ਨੂੰ ਯਕੀਨੀ ਕਰਨ ਲਈ ਮਿਠਾਈਆਂ ਅਤੇ ਬੇਕਰੀ ਆਦਿ ਦੀਆਂ ਵਰਕਸ਼ਾਪਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਫੂਡ ਸੇਫਟੀ ਵਿਭਾਗ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ ਅਤੇ ਲੋਕਾਂ ਦੀ ਸਿਹਤਮੰਦੀ ਲਈ ਕੇਵਲ ਸਾਫ-ਸੁਥਰੀਆਂ ਅਤੇ ਚੰਗੀਆਂ ਚੀਜ਼ਾਂ ਹੀ ਖਾਣ ਲਈ ਉਪਲਬਧ ਹੋ ਸਕਣ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਮ ਵਲੋਂ ਨਿਰੰਤਰ ਦੁਕਾਨਾਂ ਦੀਆਂ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਦੁੱਧ, ਖੋਏ, ਸਰੋਂ ਦਾ ਤੇਲ, ਰਿਫਾਇੰਡ ਤੇਲ ਦੇ 23 ਸੈਂਪਲ ਭਰ ਕੇ ਖਰੜ ਲੈਬ ਵਿਚ ਭੇਜੇ ਗਏ ਹਨ ਤਾਂ ਜੋ ਇਨ੍ਹਾਂ ਦੀ ਤਕਨੀਕੀ ਢੰਗ ਨਾਲ ਗੁਣਵਤਾ ਚੈੱਕ ਕੀਤੀ ਜਾ ਸਕੇ।

ਡੀ.ਐਚ.ਓ. ਡਾ. ਜਗਜੀਤ ਕੌਰ ਨੇ ਦੱਸਿਆ ਕਿ ਜੇਕਰ ਕੋਈ ਸੈਂਪਲ ਫੈਲ ਪਾਏ ਜਾਂਦੇ ਹਨ ਤਾਂ ਸਬੰਧਿਤ ਦੁਕਾਨਦਾਰਾਂ ਤੇ ਦੋਧੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੁਕਾਨਦਾਰਾਂ ਤੇ ਵਿਕਰੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਫਾਈ ਦਾ ਪੂਰਾ ਧਿਆਨ ਰੱਖਣ ਅਤੇ ਫੂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾ ਇਹ ਵੀ ਕਿਹਾ ਕਿ ਦੁਕਾਨਦਾਰ ਵਧੀਆ ਕਿਸਮ ਦਾ ਕੱਚਾ ਮਾਲ ਵਰਤਣ ਅਤੇ ਕੇਵਲ ਮਨਜ਼ੂਰਸ਼ੁਦਾ ਹੀ ਫੂਡ ਕਲਰ ਵਰਤਣ।

ਉਨ੍ਹਾਂ ਮਿਠਾਈਆਂ ਅਤੇ ਬੇਕਰੀ ਦੇ ਸਮਾਨ ਵੇਚਣ ਵਾਲਿਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਖਾਣ ਵਾਲੀਆਂ ਵਸਤਾਂ ਉਤੇ ਬੈਸਟ ਵਿਫੋਰ ਲਾਜ਼ਮੀ ਤੌਰ ਉਤੇ ਲਿਖਣ।