ਬਾਗਬਾਨੀ ਫ਼ਸਲਾਂ ਦੀ ਵੇਚ ਲਈ ਕਿਸਾਨਾਂ ਨੂੰ ਵੈਂਡਿਗ ਕਾਰਟ ‘ਤੇ ਮਿਲੇਗੀ ਸਬਸਿਡੀ : ਡਿਪਟੀ ਡਾਇਰੈਕਟਰ

punjab govt

ਫਲ ਤੇ ਸਬਜ਼ੀਆਂ ਸਟੋਰ ਕਰਨ ਲਈ ਵੀ ਕਿਸਾਨ ਸਬਸਿਡੀ ‘ਤੇ ਬਣਾ ਸਕਦੇ ਨੇ ਕੋਲਡ ਸਟੋਰ
ਪਟਿਆਲਾ, 26 ਸਤੰਬਰ:
ਬਾਗਬਾਨੀ ਵਿਭਾਗ ਵੱਲੋਂ ਫਲ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਛੋਟੇ ਕਿਸਾਨਾਂ ਲਈ ਮੰਡੀਕਰਨ ਦੀ ਸਹੂਲਤ ਲਈ ਕੌਮੀ ਬਾਗਬਾਨੀ ਮਿਸ਼ਨ ਅਧੀਨ 50 ਫ਼ੀਸਦੀ ਸਬਸਿਡੀ ‘ਤੇ ਵੈਂਡਿਗ ਕਾਰਟ ਮੁਹੱਈਆ ਕੀਤੇ ਜਾਣੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਕਿਸਾਨ ਆਪਣੀਆਂ ਫਲ ਤੇ ਸਬਜ਼ੀਆਂ ਦਾ ਆਪ ਮੰਡੀਕਰਨ ਕਰਨ ਲਈ ਬਾਗਬਾਨੀ ਵਿਭਾਗ ਪਾਸੋਂ ਵੈਂਡਿਗ ਕਾਰਟ ‘ਤੇ ਮਿਲ ਰਹੀ ਸਬਸਿਡੀ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਅਤੇ ਇਸ ਲਈ ਉਹ ਆਪਣੇ ਬਲਾਕ ਦੇ ਬਾਗਬਾਨੀ ਵਿਕਾਸ ਅਫ਼ਸਰ ਰਾਹੀਂ ਆਪਣੀ ਮੰਗ ਭੇਜ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਫਲਾਂ ਅਤੇ ਸਬਜ਼ੀਆਂ ਨੂੰ ਸਟੋਰ ਕਰਨ ਲਈ 30 ਮੀਟਰਕ ਟਨ ਸਮਰੱਥਾ ਦਾ ਕੋਲਡ ਰੂਮ ਬਣਾਉਣ ਲਈ 35 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਫਲ, ਸਬਜ਼ੀਆਂ ਤੇ ਖੁੰਬਾਂ ਨੂੰ ਦੂਰ ਦੀਆਂ ਮੰਡੀਆਂ ‘ਚ ਲਿਜਾਣ ਲਈ ਰੈਫਰਿਜਰੇਟਰ ਵੈਨ ‘ਤੇ ਵੀ 35 ਫ਼ੀਸਦੀ ਸਬਸਿਡੀ ਦੀ ਸਹੂਲਤ ਕਿਸਾਨ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ।
ਡਾ. ਮਾਨ ਨੇ ਦੱਸਿਆ ਕਿ ਪਿਆਜ਼ ਨੂੰ ਸਟੋਰ ਕਰਨ ਲਈ ‘ਲੋਅ ਕਾਸਟ ਸਟੋਰੇਜ ਢਾਂਚਾ’ (25 ਮੀਟਰ) ਬਣਾਉਣ ‘ਤੇ 50 ਫ਼ੀਸਦੀ ਸਬਸਿਡੀ ਜੋ ਵੱਧ ਤੋਂ ਵੱਧ 87 ਹਜ਼ਾਰ 500 ਰੁਪਏ ਤੱਕ ਦਿੱਤੀ ਜਾ ਸਕਦੀ ਹੈ ਦਾ ਵੀ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਹੋਰ ਸਹੂਲਤ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿਸਾਨ ਬਾਗਬਾਨੀ ਵਿਭਾਗ ਦੇ ਬਾਰਾਂਦਰੀ ਬਾਗ ਵਿਖੇ ਸਥਾਪਤ ਮੁੱਖ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।