ਬਾਬਾ ਸਾਹਿਬ ਡਾ. ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ ਦਿੱਤੀ

ਰੂਪਨਗਰ, 6 ਦਸੰਬਰ:

ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ (ਬਰਸੀ) ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਅਰਵਿੰਦਪਾਲ ਸਿੰਘ ਸੋਮਲ ਅਤੇ ਮਿੰਨੀ ਸਕੱਤਰੇਤ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀ ਰਿਤਮਜੋਤ ਕੌਰ ਵਲੋਂ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਨੂੰ ਸਮਰਪਿਤ ਕਵਿਤਾ ਸੁਣਾਈ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੰਘਰਸ਼ਮਈ ਜੀਵਨ ਅਤੇ ਦੇਸ਼ ਪ੍ਰਤੀ ਸਮਰਪਣ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਮਾਰਗਦਰਸ਼ਨ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਸੰਵਿਧਾਨ ਡਰਾਫਟ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਇੱਕ ਉੱਘੇ ਵਿਦਵਾਨ ਤੇ ਸਮਾਜ ਸੇਵੀ ਵੀ ਸਨ ਜਿਨ੍ਹਾਂ ਆਪਣੀ ਪੂਰੀ ਜ਼ਿੰਦਗੀ ਸਮਾਜਿਕ ਅਸਮਾਨਤਾਵਾਂ ਦੇ ਵਿਰੁੱਧ ਸੰਘਰਸ਼ ਨੂੰ ਸਮਰਪਿਤ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਸਾਡੇ ਲਈ ਇਕ ਮਿਸਾਲ ਹਨ ਕਿ ਕਿਵੇਂ ਇਕ ਸਾਧਾਰਨ ਵਿਅਕਤੀ ਉੱਚ ਸਿੱਖਿਆ ਦੇ ਗਿਆਨ ਰਾਹੀਂ ਕਠੋਰ ਸੰਘਰਸ਼ ਕਰਕੇ ਇਕ ਯੁੱਗ ਨੂੰ ਪਲਟ ਸਕਦਾ ਹੈ ਅਤੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕਦਾ ਹੈ।

ਇਸ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਮੁੱਖ ਸੰਚਾਲਕ ਦਲ ਸੁਰੱਖਿਆ ਸੈਨਾ ਜਿਲ੍ਹਾ ਸਿੰਘ ਵਲੋਂ ਕੀਤਾ ਗਿਆ।