ਪਟਿਆਲਾ, 1 ਜੁਲਾਈ 2021
ਬਾਗ਼ਬਾਨੀ ਵਿਭਾਗ ਵੱਲੋਂ ਜੁਲਾਈ-ਅਗਸਤ ਮਹੀਨੇ ‘ਚ ਅਮਰੂਦ ਦੇ ਫਲ ਨੂੰ ਕਾਣਾ ਹੋਣ ਤੋਂ ਬਚਾਉਣ ਲਈ ਫਰੂਟ ਫਲਾਈ ਟਰੈਪ ਉਪਲਬਧ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਬਾਗ਼ਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਪਿਛਲੇ ਸਮੇਂ ਦੌਰਾਨ ਬਾਗਾਂ ਅਧੀਨ ਰਕਬੇ ਵਿੱਚ ਵਾਧਾ ਹੋਇਆ ਹੈ ਤੇ ਬਾਗਾਂ ਦੀ ਸਾਂਭ-ਸੰਭਾਲ ਸਬੰਧੀ ਕਿਸਾਨਾਂ ਨੂੰ ਸਮੇਂ-ਸਮੇਂ ‘ਤੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਡਾ. ਮਾਨ ਨੇ ਅਮਰੂਦ ਦੇ ਫਲ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕਾਂ ਦੀ ਧਾਰਨਾ ਹੈ ਕਿ ਜੁਲਾਈ-ਅਗਸਤ ਦੇ ਮਹੀਨੇ ਵਿੱਚ ਜੋ ਅਮਰੂਦ ਦਾ ਫਲ ਕਾਣਾ ਹੋ ਜਾਂਦਾ ਹੈ ਉਸ ਵਿੱਚ ਅਮਰੂਦ ਦੇ ਬੂਟੇ ਦਾ ਨੁਕਸ ਹੈ ਪਰ ਇਸਦੀ ਸਚਾਈ ਇਹ ਹੈ ਕਿ ਜੁਲਾਈ-ਅਗਸਤ ਦੇ ਮਹੀਨੇ ‘ਚ ਫਰੂਟ ਫਲਾਈ ਐਕਟਿਵ ਹੋ ਜਾਂਦੀ ਹੈ ਤੇ ਇਹ ਹਰੇ ਤੋਂ ਪੀਲਾ ਫਲ ਹੋਣ ਤੇ ਫਲ ਵਿੱਚ ਡੰਗ ਮਾਰਕੇ ਅੰਡੇ ਦੇ ਦਿੰਦੀ ਹੈ, ਜਿਸ ਨਾਲ ਫਲ ਵਿੱਚ ਕੀੜਾ ਪੈ ਜਾਂਦਾ ਹੈ। ਇਸ ਤੋਂ ਬਚਾਅ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 16 ਫਿਊਰਾਮੈਨ ਟਰੈਪ ਪ੍ਰਤੀ ਏਕੜ ਲਗਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਨਾਲ ਨਰ ਮੱਖੀਆਂ ਫਰੂਟ ਫਲਾਈ ਟਰੈਪ ਵੱਲ ਖਿੱਚੀਆਂ ਜਾਂਦੀਆਂ ਹਨ ਤੇ ਮਰ ਜਾਂਦੀਆਂ ਹਨ। ਇਸ ਨਾਲ ਫਲ ਨੂੰ ਕਾਣਾ ਕਰਨ ਵਾਲੀਆਂ ਮੱਖੀਆਂ ਦੀ ਆਬਾਦੀ ਵਿੱਚ ਵਾਧਾ ਨਹੀਂ ਹੁੰਦਾ।
ਡਿਪਟੀ ਡਾਇਰੈਕਟਰ ਬਾਗ਼ਬਾਨੀ ਨੇ ਦੱਸਿਆ ਕਿ ਇਹ ਫਰੂਟ ਫਲਾਈ ਟਰੈਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਜਾਂ ਬਾਗਬਾਨੀ ਵਿਭਾਗ ਪਟਿਆਲਾ ਦੇ ਬਾਰਾਂਦਰੀ ਦਫ਼ਤਰ, ਬਾਗ਼ਬਾਨੀ ਵਿਕਾਸ ਅਫਸਰ ਸਮਾਣਾ, ਭੱਦਕ ਤੇ ਨਾਭਾ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਫਰੂਟ ਫਲਾਈ ਟਰੈਪ ਦੀ ਕੀਮਤ 118 ਰੁਪਏ ਪ੍ਰਤੀ ਫਰੂਟ ਫਲਾਈ ਟਰੈਪ ਹੈ।

English






