ਬੀਤੇ ਵਰ੍ਹੇ ‘ਚ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਪੁਸਤਕ ਸਭਿਆਚਾਰ ਦੀ ਪ੍ਰਫੁਲਿਤਾ ਲਈ ਯਤਨ ਜਾਰੀ ਰਹੇ

ਤਕਰੀਬਨ ਪਚਾਨਵੇਂ ਹਜ਼ਾਰ ਦੀਆਂ ਵਿਭਾਗੀ ਪੁਸਤਕਾਂ ਦੀ ਕੀਤੀ ਵਿੱਕਰੀ
ਪੁਸਤਕਾਂ ਦਾ ਕੀਤਾ ਲੋਕ ਅਰਪਣ
ਬਰਨਾਲਾ, 30 ਦਸੰਬਰ 2024 
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ.ਜਸਵੰਤ ਸਿੰਘ ਜ਼ਫਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਵਰ੍ਹਾ 2024 ਦੌਰਾਨ ਪੰਜਾਬੀ ਭਾਸ਼ਾ, ਸਾਹਿਤ ਅਤੇ ਪੁਸਤਕ ਸਭਿਆਚਾਰ ਦੀ ਪ੍ਰਫੁੱਲਿਤਾ ਲਈ ਲਗਾਤਾਰ ਉਪਰਾਲੇ ਜਾਰੀ ਰਹੇ।
ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਆਈ.ਏ.ਐੱਸ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਪੰਜਾਬੀ ਭਾਸ਼ਾ,ਸਾਹਿਤ ਅਤੇ ਪੁਸਤਕ ਸਭਿਆਚਾਰ ਦੀ ਪ੍ਰਫੁਲਿਤਾ ਲਈ ਪੂਰਾ ਵਰ੍ਹਾ ਸਮਾਗਮ,ਲੇਖਕਾਂ ਦੀਆਂ ਪੁਸਤਕਾਂ ਦਾ ਲੋਕ ਅਰਪਣ,ਸੈਮੀਨਾਰ ਅਤੇ ਗੋਸ਼ਟੀਆਂ ਕਰਵਾਈਆਂ ਗਈਆਂ।ਭਾਸ਼ਾ ਅਫਸਰ ਨੇ ਦੱਸਿਆ ਮੁੱਖ ਦਫਤਰ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਤ੍ਰੈ ਭਾਸ਼ੀ ਕਵੀ ਦਰਬਾਰ,ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ,ਪੰਜਾਬੀ ਕਵੀ ਦਰਬਾਰ,ਪੰਜਾਬੀ ਮਿੰਨ੍ਹੀ ਕਹਾਣੀ ਦਰਬਾਰ ਅਤੇ ਗੋਸ਼ਟੀ,ਸਕੂਲੀ ਵਿਦਿਆਰਥੀਆਂ ਦੀ ਸਿਰਜਣ ਰੁਚੀਆਂ ਨੂੰ ਵਿਕਸਤ ਕਰਨ ਦੇ ਮਨੋਰਥ ਨਾਲ ਲੇਖ,ਕਵਿਤਾ ਅਤੇ ਕਹਾਣੀ ਸਿਰਜਣ ਮੁਕਾਬਲੇ ਕਰਵਾਏ ਗਏ।ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।ਇਸ ਦੇ ਨਾਲ ਹੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਮਨੋਰਥ ਨਾਲ ਸਾਹਿਤ,ਇਤਿਹਾਸ ਅਤੇ ਆਮ ਗਿਆਨ ‘ਤੇ ਆਧਾਰਿਤ ਪ੍ਰਸ਼ੋਨਤਰੀ ਮੁਕਾਬਲੇ ਕਰਵਾਏ ਗਏ।ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਅਤੇ ਪ੍ਰਸ਼ਨੋਤਰੀ ਮੁਕਾਬਲਿਆਂ ਵਿਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਸੂਬਾ ਪੱਧਰੀ ਮੁਕਾਬਲਿਆਂ ‘ਚ ਸ਼ਿਰਕਤ ਕੀਤੀ ਗਈ।ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚੋ ਪਹਿਲੀ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਸੂਬਾ ਪੱਧਰੀ ਮੁਕਾਬਲਿਆਂ ‘ਚ ਸ਼ਮੂਲੀਅਤ ਕੀਤੀ ਗਈ। ਭਾਸ਼ਾ ਦਫ਼ਤਰ ਦੇ ਸਮਾਗਮਾਂ ‘ਚ ਜ਼ਿਲ੍ਹੇ ਭਰ ਦੇ ਵਿਦਵਾਨਾਂ,ਸਾਹਿਤਕਾਰਾਂ,ਪਾਠਕਾਂ ਅਤੇ ਵਿਦਿਆਰਥੀਆਂ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਗਈ।
ਦਫ਼ਤਰ ਦੇ ਪੁਸਤਕ ਵਿੱਕਰੀ ਕੇਂਦਰ ਦੇ ਇੰਚਾਰਜ ਮੈਡਮ ਸੰਦੀਪ ਕੌਰ ਨੇ ਦੱਸਿਆ ਕਿ ਪੁਸਤਕ ਸਭਿਆਚਾਰ ਦੀ ਪ੍ਰਫੁਲਿਤਾ ਲਈ ਜ਼ਿਲ੍ਹਾ ਭਾਸ਼ਾ ਦਫਤਰ ਦੇ ਪੁਸਤਕ ਵਿੱਕਰੀ ਕੇਂਦਰ ਵਿਖੇ ਵਿਭਾਗੀ ਪੁਸਤਕਾਂ ਉਪਲਬਧ ਕਰਵਾਉਣ ਦੇ ਨਾਲ ਨਾਲ ਵੱਖ ਵੱਖ ਸਥਾਨਾਂ ‘ਤੇ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।ਪੂਰੇ ਵਰ੍ਹੇ ਦੌਰਾਨ ਵਿਭਾਗ ਦੀਆਂ ਪੁਸਤਕਾਂ ਪਾਠਕਾਂ ਦੀ ਖਿੱਚ ਦਾ ਕੇਂਦਰ ਰਹੀਆਂ।ਪਾਠਕਾਂ ਵੱਲੋਂ ਪਚਾਨਵੇਂ ਹਜ਼ਾਰ ਦੇ ਕਰੀਬ ਵਿਭਾਗੀ ਪੁਸਤਕਾਂ ਦੀ ਖਰੀਦ ਕੀਤੀ ਗਈ।
 ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਭਾਸ਼ਾ ਐਕਟ ਦੀ ਪਾਲਣਾ ਹਿੱਤ ਸਰਕਾਰੀ ਦਫਤਰਾਂ, ਵਿੱਦਿਅਕ ਸੰਸਥਾਵਾਂ ਅਤੇ ਹੋਰ ਅਦਾਰਿਆਂ ਦਾ ਹਰ ਮਹੀਨੇ ਦੌਰਾ ਕੀਤਾ ਗਿਆ। ਇਸ ਦੌਰਾਨ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਾਸ਼ਾ ਐਕਟ ਅਨੁਸਾਰ ਆਪਣਾ ਕੰਮ ਕਾਜ਼ ਪੰਜਾਬੀ ਭਾਸ਼ਾ ਵਿੱਚ ਕੀਤੇ ਜਾਣ ਦੇ ਨਿਯਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ।ਸਰਕਾਰੀ ਅਤੇ ਅਰਧ ਸਰਕਾਰੀ ਦਫਤਰਾਂ ਅਤੇ ਹੋਰ ਅਦਾਰਿਆਂ ਦੇ ਨਾਲ ਨਾਲ ਨਿੱਜੀ ਅਦਾਰਿਆਂ ਅਤੇ ਦੁਕਾਨਾਂ ਦੇ ਨਾਮ ਬੋਰਡ ਗੁਰਮੁਖੀ ਲਿੱਪੀ ਵਿੱਚ ਲਿਖੇ ਜਾਣ ਲਈ ਸੰਬੰਧਿਤਾਂ ਨੂੰ ਪ੍ਰੇਰਿਤ ਕੀਤਾ ਗਿਆ।ਜ਼ਿਲ੍ਹਾ ਭਾਸ਼ਾ ਦਫਤਰ ਦੇ ਕਾਰਜ਼ਾਂ ‘ਚ ਦਫਤਰ ਦੇ ਕਰਮਚਾਰੀਆਂ ਗੁਰਪ੍ਰੀਤ ਕੌਰ ਅਤੇ ਗੋਬਿੰਦ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।