ਫਿਰੋਜ਼ਪੁਰ,6 ਨਵੰਬਰ 2024
ਜ਼ਿਲ੍ਹਾ ਨਿਵਾਸੀਆਂ ਨੂੰ ਸਿਹਤ ਪ੍ਰਤੀ ਸੁਹਿਰਦ ਕਰਦੇ ਆ ਰਹੇ ਸਿਹਤ ਵਿਭਾਗ ਦੀ ਮਾਸ ਮੀਡੀਆ ਬਰਾਂਚ ਵੱਲੋਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਰਬਨ ਮੁੱਢਲਾ ਸਿਹਤ ਕੇਂਦਰ, ਫ਼ਿਰੋਜ਼ਪੁਰ ਕੈਂਟ ਵਿਖੇ ਨਿਮੋਨੀਆ ਦੀ ਬਿਮਾਰੀ, ਲੱਛਣਾਂ ਅਤੇ ਬਚਾਓ ਬਾਰੇ ਜਾਗਰੂਕ ਕੀਤਾ ਗਿਆ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਜਿਥੇ ਹਾਜ਼ਰੀਨ ਨੂੰ ਆਪਣੀ ਸਿਹਤ ਪ੍ਰਤੀ ਸੁਹਿਰਦਤਾ ਅਪਣਾਉਣ ਦਾ ਹੌਕਾ ਦਿੱਤਾ, ਉਥੇ ਬਦਲਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਹੋਣ ਦੇ ਨਾਲ-ਨਾਲ ਬਿਮਾਰੀਆਂ ਤੋਂ ਬਚਣ ਲਈ ਨੁਕਤੇ ਸਾਂਝੇ ਕੀਤੇ। ਉਨ੍ਹਾਂ ਹਰ ਸਾਲ ਨਿਮੋਨੀਆ ਕਰਕੇ ਦੇਸ਼ ਭਰ ਵਿਚ ਸਾਢੇ ਸੱਤ ਲੱਖ ਬੱਚਿਆਂ ਦੀ ਹੁੰਦੀ ਮੌਤ ਦਾ ਜਿ਼ਕਰ ਕਰਦਿਆਂ ਸਪੱਸ਼ਟ ਕੀਤਾ ਕਿ ਜੇਕਰ ਅਸੀਂ ਥੋੜ੍ਹੀ ਜਿਹੀ ਸੁਹਿਰਦਤਾ ਨਾਲ ਆਪਣੀ ਤੇ ਬੱਚਿਆਂ ਦੀ ਸਿਹਤ ਵੱਲ ਧਿਆਨ ਕੇਂਦਰਿਤ ਕਰੀਏ ਤਾਂ ਇਹ ਮੌਤ ਦਰ ਖਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਬੱਚੇ ਲਈ ਮਾਂ ਦਾ ਦੁੱਧ ਜ਼ਰੂਰੀ ਹੈ, ਕਿਉਂਕਿ ਬੱਚੇ ਨੂੰ ਮਾਂ ਦੇ ਦੁੱਧ ਵਿਚ ਸਾਰੇ ਪੌਸਟਿਕ ਅਹਾਰ ਮਿਲਦੇ ਹਨ ਅਤੇ ਬੱਚੇ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਸਾਹ ਲੈਣ ਵਿਚ ਦਿੱਕਤ ਆਵੇ ਜਾਂ ਕੁਝ ਵੀ ਖਾਣ ਤੋਂ ਬਾਅਦ ਉਲਟੀ ਕਰ ਦੇਵੇ ਤਾਂ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਕਿਉਂਕਿ ਇਹ ਵੀ ਨਿਮੋਨੀਆਂ ਬਿਮਾਰੀ ਦੀਆਂ ਨਿਸ਼ਾਨੀਆਂ ਹਨ ਅਤੇ ਜੇਕਰ ਬੱਚੇ ਦੀ ਛਾਤੀ ਧਸੀ ਮਹਿਸੂਸ ਹੋਵੇ ਤਾਂ ਵੀ ਉਸ ਦਾ ਇਲਾਜ਼ ਕਰਵਾਉਣਾ ਜ਼ਰੂਰੀ ਹੈ। ਬੱਚੇ ਦੀ ਤੰਦਰੁਸਤੀ ਲਈ ਉਸਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਅਤਿ ਜ਼ਰੂਰੀ ਹੈ।
ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਸਿਗਰਟਨੋਸ਼ੀ ਅਤੇ ਤੰਬਾਕੂ ਦਾ ਇਸਤੇਮਾਲ ਕਰਦੇ ਵਿਅਕਤੀਆਂ ਨੂੰ ਇਸ ਤੋਂ ਕਿਨਾਰਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਨੂੰ ਬੱਚਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਦੇਸ਼ ਨੇ ਕਾਫੀ ਤਰੱਕੀ ਕਰ ਲਈ ਹੈ, ਪਰ ਫਿਰ ਵੀ ਪਾਥੀਆਂ, ਲੱਕੜਾਂ ਜਾਂ ਕੋਲੇ ਦੀ ਵਰਤੋਂ ਕਰਨ ਤੋਂ ਕਿਨਾਰਾ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਤੋਂ ਪੈਦਾ ਹੋਣ ਵਾਲਾ ਧੂੰਆ ਮਨੁੱਖ ਦੀ ਸਿਹਤ ਲਈ ਖਤਰੇ ਦੀ ਘੰਟੀ ਬਣਦਾ ਹੈ। ਖੰਘ ਕਰਨ ਜਾਂ ਛਿੱਕਣ ਸਮੇਂ ਵਿਅਕਤੀ ਨੂੰ ਆਪਣਾ ਮੂੰਹ ਰੂਮਾਲ ਜਾਂ ਟੀਸ਼ੂ ਪੇਪਰ ਨਾਲ ਢੱਕ ਲੈਣਾ ਚਾਹੀਦਾ ਹੈ ਤਾਂ ਜ਼ੋ ਛਿੱਕਣ ਸਮੇਂ ਡਿੱਗਣ ਵਾਲੇ ਡਰੋਪਸ ਕਿਸੇ ਹੋਰ ਵਿਅਕਤੀ ਨੂੰ ਆਪਣੀ ਲਪੇਟ ਵਿਚ ਨਾ ਲੈ ਸਕਣ, ਕਿਉਂਕਿ ਅਜਿਹਾ ਹੋਣ `ਤੇ ਦੂਸਰਾ ਵਿਅਕਤੀ ਵੀ ਬਿਮਾਰੀ ਨਾਲ ਪੀੜਤ ਹੋ ਸਕਦਾ ਹੈ।
ਇਸ ਮੌਕੇ ਡਾ. ਆਸ਼ੂਤੋਸ਼ ਮਿੱਤਲ, ਮਨਪ੍ਰੀਤ ਸਿੰਘ ਡੀ.ਪੀ.ਸੀ. ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਦੇ ਸਿਹਤ ਕਰਮਚਾਰੀ ਮਨਦੀਪ ਸਿੰਘ, ਲਖਵਿੰਦਰ ਕੌਰ, ਕ੍ਰਿਸ਼ਨਾ ਰਾਣੀ, ਰਮਨਦੀਪ ਸਿੰਘ ਆਦਿ ਹਾਜ਼ਰ ਸਨ।

English






