ਭਾਸ਼ਾ ਵਿਭਾਗ ਮੋਹਾਲੀ ਵੱਲੋਂ ਕਰਵਾਏ ਗਏ ਕੁਇਜ਼ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਦਾ ਸਨਮਾਨ
• ਆਪਣੀ ਹੋਂਦ ਨੂੰ ਪੁਨਰ ਸੁਰਜੀਤ ਕਰਨ ਲਈ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੀਏ- ਸ਼੍ਰੀ ਅਮਿਤ ਤਲਵਾੜ
• ਜਲਦ ਹੀ ਭਾਸ਼ਾ ਮੈਰਾਥਨ ਕਰਵਾਇਆ ਜਾਵੇਗਾ- ਡਿਪਟੀ ਕਮਿਸ਼ਨਰ
ਐਸ.ਏ.ਐਸ.ਨਗਰ, 21 ਅਕਤੂਬਰ:
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਮੰਤਰੀ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵੱਲੋਂ ਕਰਵਾਏ ਗਏ ਲਿਖਤੀ ਬਾਲ ਸਾਹਿਤ ਕੁਇਜ਼ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦਾ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿਖੇ ਸਨਮਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਸਰਗਰਮੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਨੇ ਜੇਤੂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਅਜੋਕੇ ਯੁੱਗ ਵਿਚ ਭਾਸ਼ਾ ਵਿਭਾਗ ਪੰਜਾਬ ਦੀ ਸਰਪ੍ਰਸਤੀ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸਬੰਧਿਤ ਮੁਕਾਬਲੇ ਕਰਵਾਉਣਾ ਇਕ ਨਿਵੇਕਲਾ ਉਪਰਾਲਾ ਹੈ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਹੁਣ ਪੰਜਾਬੀ ਭਾਸ਼ਾ ਵਿੱਚ ਵੀ ਕੁਇਜ਼ ਮੁਕਾਬਲੇ ਵੇਖਣ ਨੂੰ ਮਿਲ ਰਹੇ ਹਨ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਪ੍ਰਫੁਲਤਾ ਵੱਲ ਵਧ ਰਿਹਾ ਪ੍ਰਸੰਸਾਯੋਗ ਕਦਮ ਹੈ। ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਅਜਿਹੀਆਂ ਗਤੀਵਿਧੀਆਂ ਮੋਹਾਲੀ ਜ਼ਿਲ੍ਹੇ ਦੀਆਂ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਵਿੱਦਿਅਕ ਅਦਾਰਿਆਂ ਅੰਦਰ ਭਾਸ਼ਾ ਵਿਭਾਗ ਮੋਹਾਲੀ ਵੱਲੋਂ ਸਥਾਪਤ ਭਾਸ਼ਾ ਮੰਚਾਂ ਰਾਹੀਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਵੱਲੋਂ ਜ਼ਿਲ੍ਹੇ ਅੰਦਰ ਭਵਿੱਖ ਵਿਚ ਭਾਸ਼ਾ ਮੈਰਾਥਨ ਕਰਵਾਉਣ ਦੀ ਗੱਲ ਵੀ ਕੀਤੀ ਗਈ। ਉਨ੍ਹਾ ਬੋਲਦਿਆਂ ਇਹ ਵੀ ਕਿਹਾ ਕਿ ਸਮੇਂ ਦੀ ਨਬਜ਼ ਪਛਾਣ ਕੇ ਆਪਣੀ ਹੋਂਦ ਨੂੰ ਪੁਨਰ ਸੁਰਜੀਤ ਅਤੇ ਪੱਕੇ ਪੈਰੀਂ ਕਰਨ ਲਈ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਨਾਲ ਜੁੜਨਾ ਸਮੇਂ ਦੀ ਅੱਜ ਵੱਡੀ ਲੋੜ ਹੈ। ਉਨ੍ਹਾਂ ਵੱਲੋਂ ਕੁਇਜ਼ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ‘ੳ’ ਵਰਗ (ਛੇਵੀਂ ਤੋਂ ਅੱਠਵੀਂ) ਵਿੱਚ ਪਹਿਲਾ ਸਥਾਨ ਅੱਠਵੀਂ ਜਮਾਤ ਦੇ ਵਿਦਿਆਰਥੀ ਸਿਮਰਨਜੀਤ ਸਿੰਘ (ਸਰਕਾਰੀ ਹਾਈ ਸਕੂਲ ਰਾਜੋਮਾਜਰਾ), ਦੂਜਾ ਸਥਾਨ ਅੱਠਵੀਂ ਜਮਾਤ ਦੀ ਵਿਦਿਆਰਥਣ ਪ੍ਰਭਲੀਨ ਕੌਰ (ਸ਼ਿਵਾਲਿਕ ਪਬਲਿਕ ਸਕੂਲ, ਮੋਹਾਲੀ) ਅਤੇ ਤੀਜਾ ਸਥਾਨ ਅੱਠਵੀਂ ਜਮਾਤ ਦੇ ਵਿਦਿਆਰਥੀ ਗੁਰਸੇਵਕ ਸਿੰਘ (ਸ.ਮ.ਸ.ਸ.ਸਕੂਲ ਘੜੂੰਆਂ); ‘ਅ’ ਵਰਗ (ਨੌਵੀਂ ਤੋਂ ਬਾਰ੍ਹਵੀਂ) ਵਿੱਚ ਪਹਿਲਾ ਸਥਾਨ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪਲਕ ਕਪਿਲ (ਸ.ਸ.ਸ.ਸਕੂਲ ਖਿਜ਼ਰਾਬਾਦ), ਦੂਜਾ ਸਥਾਨ ਦਸਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ (ਸ਼ਿਵਾਲਿਕ ਪਬਲਿਕ ਸਕੂਲ, ਮੋਹਾਲੀ) ਅਤੇ ਤੀਜਾ ਸਥਾਨ ਗਿਆਰਵੀਂ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ (ਸ.ਸ.ਸ.ਸਕੂਲ ਸਕਰੂਲਾਂਪੁਰ) ਅਤੇ ‘ੲ’ ਵਰਗ (ਗ੍ਰੈਜੂਏਸ਼ਨ) ਵਿੱਚੋਂ ਪਹਿਲਾ ਸਥਾਨ ਬੀ.ਪੀ.ਐਡ. ਭਾਗ ਤੀਜਾ ਦੇ ਵਿਦਿਆਰਥੀ ਤਰਨਜੀਤ ਸਿੰਘ (ਐੱਸ.ਕੇ.ਆਰ.ਸੀ.ਪੀ.ਈ.ਕਾਲਜ ਭਾਗੋ ਮਾਜਰਾ) ਅਤੇ ਦੂਜਾ ਸਥਾਨ ਬੀ.ਪੀ.ਐਡ. ਭਾਗ ਤੀਜਾ ਦੇ ਵਿਦਿਆਰਥੀ ਸੌਰਵ (ਐੱਸ.ਕੇ.ਆਰ.ਸੀ.ਪੀ.ਈ.ਕਾਲਜ ਭਾਗੋ ਮਾਜਰਾ) ਨੂੰ ਪ੍ਰਮਾਣ ਪੱਤਰ ਅਤੇ ਵਿਭਾਗੀ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆਂ ਦੇ ਸਨਮਾਨ ਉਪਰੰਤ ਜ਼ਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਤਲਵਾੜ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਨਾਲ ਮੋਹ ਰੱਖਣ ਵਾਲੇ ਸ਼੍ਰੀ ਅਮਿਤ ਤਲਵਾੜ ਜੀ ਵਰਗੇ ਅਫ਼ਸਰਾਂ ਦੀ ਹੋਂਦ ਪੰਜਾਬੀ ਭਾਸ਼ਾ ਦੇ ਰੌਸ਼ਨ ਭਵਿੱਖ ਲਈ ਸ਼ੁੱਭ ਸੰਕੇਤ ਹੈ ਜਿਨ੍ਹਾਂ ਦੀ ਰਹਿਨੁਮਾਈ ਹੇਠ ਭਵਿੱਖ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਵੇਂ ਕਾਰਜਕ੍ਰਮ ਉਲੀਕੇ ਜਾਣਗੇ। ਇਸ ਸਨਮਾਨ ਸਮਾਗਮ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੁਸ਼ੀਲ ਨਾਥ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਕੰਚਨ ਸ਼ਰਮਾ, ਖੋਜ ਅਫ਼ਸਰ ਦਰਸ਼ਨ ਕੌਰ, ਸ਼੍ਰੀ ਜਤਿੰਦਰਪਾਲ ਸਿੰਘ, ਸ਼੍ਰੀ ਮਨਜੀਤ ਸਿੰਘ, ਪ੍ਰੋ. ਗੁਰਜੋਧ ਕੌਰ, ਸ਼੍ਰੀ ਹਰਨੇਕ ਸਿੰਘ, ਸ਼੍ਰੀਮਤੀ ਸੰਦੀਪ ਕੌਰ, ਸ਼੍ਰੀ ਗੁਰਵਿੰਦਰ ਸਿੰਘ, ਅਧਿਆਪਕ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ|

English






