ਸ਼ਹੀਦ ਭਗਤ ਸਿੰਘ ਨਗਰ 20 ਅਸਗਤ 2021
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਸ਼੍ਰੀ ਮਨੋਜ ਖੋਸਲਾ, ਸਹਾਇਕ ਕਮਿਸ਼ਨਰ ਫੂਡ ਦੀ ਅਗਵਾਈ ਵਿੱਚ ਨਵਾਂਸ਼ਹਿਰ ਵਿੱਖੇ ਵੱਖ-2 ਕਰਿਆਨੇ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਖਾਣ ਪੀਣ ਦੀਆਂ ਵਸਤੂਆਂ ਦੇ 8 ਸੈਂਪਲ ਭਰੇ। ਇਸ ਟੀਮ ਵਿੱਚ ਸ਼੍ਰੀ ਬਿਕਰਮਜੀਤ ਸਿੰਘ ਅਤੇ ਸ਼੍ਰੀ ਦਿਨੇਸ਼ਜੋਤ ਸਿੰਘ, ਫੂਡ ਸੇਫਟੀ ਅਫ਼ਸਰ ਸ਼ਾਮਿਲ ਸਨ।
ਟੀਮ ਨੇ ਨਵਾਂਸ਼ਹਿਰ ਵਿਖੇ ਦੇਸੀ ਘਿਓ, ਸ਼ਹਿਦ, ਤੇਲ, ਖੰਡ, ਮਸਾਲੇ ਅਤੇ ਦਾਲਾਂ ਆਦਿ ਦੇ 8 ਸੈਂਪਲ ਭਰ ਕੇ ਪੰਜਾਬ ਦੀ ਸਟੇਟ ਲੈਬ ਵਿੱਚ ਜਾਂਚ ਲਈ ਭੇਜ ਦਿੱਤੇ ਹਨ ਅਤੇ ਨਤੀਜੇ ਆਉਣ ਤੇ ਫੇਲ ਪਾਏ ਗਏ ਸੈਂਪਲਾਂ ਦੇ ਮਾਲਕਾਂ ਵਿਰੁੱਧ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਫਲ-ਸਬਜੀਆਂ ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਗਈ ਅਤੇ ਗਲੇ-ਸੜੇ ਫਲ ਅਤੇ ਸਬਜੀਆਂ ਮੌਕੇ ਤੇ ਨਸ਼ਟ ਕਰਵਾਏ ਗਏ। ਸ਼੍ਰੀ ਮਨੋਜ ਖੋਸਲਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਪਿਛਲੇ ਮਹੀਨੇ ਦੌਰਾਨ 6 ਫੋਸਕੋਰਸ ਇੰਸਪੈਕਸ਼ਨਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਢਾਬੇ, ਰੈਸਟੋਰੈਂਟ ਅਤੇ ਕਰਿਆਨੇ ਦੀਆਂ ਦੁਕਾਨਾਂ ਸ਼ਾਮਿਲ ਸਨ। ਉਪਰੋਕਤ ਕਾਰਵਾਈਆਂ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਤੰਦਰੁਸਤ ਪੰਜਾਬ ਮੁੰਹਿਮ ਤਹਿਤ ਕੀਤੀਆਂ ਗਈਆਂ ਹਨ ਜਿਸ ਦਾ ਉਦੇਸ਼ ਲੋਕਾਂ ਦੀ ਚੰਗੀ ਸਿਹਤ ਅਤੇ ਉਹਨਾਂ ਨੂੰ ਖਾਣ ਪੀਣ ਦੀਆਂ ਮਿਆਰੀ ਚੀਜਾਂ ਦੀ ਉਪਲਬੱਧਤਾ ਕਰਾਉਣਾ ਹੈ। ਉਨ੍ਹਾਂ ਨੇ ਕਿਹਾ ਆਉਣ ਵਾਲੇ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਖਾਣਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਮਿਲ ਸਕਣ ਅਤੇ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।

English






