ਮਿਸ਼ਨ ਫਤਿਹ: ਤਾਲਾਬੰਦੀ ਦੌਰਾਨ ਸਰਬੱਤ ਸਿਹਤ ਬੀਮਾ ਯੋਜਨਾ ’ਚ ਮੋਹਰੀ ਰਿਹਾ ਸਿਹਤ ਵਿਭਾਗ ਬਰਨਾਲਾ

Barnala Civil surgeon

ਜ਼ਿਲ੍ਹਾ ਬਰਨਾਲਾ ਵਿੱਚ ਸਕੀਮ ਅਧੀਨ ਬਣਾਏ ਜਾ ਚੁੱਕੇ ਹਨ 92415 ਕਾਰਡ: ਸਿਵਲ ਸਰਜਨ
ਸਰਕਾਰੀ ਹਸਪਤਾਲਾਂ ਵਿੱਚ 7960 ਮਰੀਜ਼ਾਂ ਦਾ ਕੀਤਾ 6,38,36,575 ਰੁਪਏ ਦਾ ਮੁਫਤ ਇਲਾਜ
ਬਰਨਾਲਾ, 26 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੰਜਾਬ ਵਿੱਚ ਲੋੜਵੰਦ ਲੋਕਾਂ ਲਈ ਚਲਾਈ ਗਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਇਕ ਸਾਲ ਸਫਲਤਾਪੂਰਬਕ ਪੂਰਾ ਕਰਕੇ 20 ਅਗਸਤ 2020 ਤੋਂ ਦੂਜੇ ਸਾਲ ਵਿੱਚ ਦਾਖਲ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰੰਘ ਫੂਲਕਾ ਦੀ ਅਗਵਾਈ ਹੇਠ ਲਾਕਡਾਊਨ ਦੌਰਾਨ ਜ਼ਿਲ੍ਹਾ ਬਰਨਾਲਾ ਇਸ ਯੋਜਨਾ ਵਿਚ ਸੂਬੇ ’ਚੋਂ ਮੋਹਰੀ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜੀ. ਬੀ. ਸਿੰਘ ਨੇ ਦੱਸਿਆ ਕਿ ਮਿਤੀ 20 ਅਗਸਤ 2019 ਤੋਂ ਜ਼ਿਲ੍ਹਾ ਬਰਨਾਲਾ ਵਿੱਚ ਮਿਤੀ 19 ਅਗਸਤ 2020 ਤੱਕ ਇੱਕ ਸਾਲ ਪੂਰਾ ਹੋਣ ’ਤੇ ਜ਼ਿਲ੍ਹਾ ਬਰਨਾਲਾ ਵਿੱਚ ਇਸ ਸਕੀਮ ਦੇ 92415 ਕਾਰਡ ਬਣ ਚੁੱਕੇ ਹਨ। ਇਸ ਸਕੀਮ ਅਧੀਨ ਸਰਕਾਰੀ ਹਸਪਤਾਲਾਂ ਵਿੱਚ ਕੁੱਲ 7960 ਮਰੀਜ਼ਾਂ ਦਾ 6,38,36,575 ਰੁਪਏ ਦਾ ਇਲਾਜ, ਪ੍ਰਾਈਵੇਟ ਹਸਪਤਾਲਾਂ ਵਿੱਚ 566 ਮਰੀਜ਼ਾਂ ਦਾ 98,12,800 ਰੁਪਏ ਦਾ ਇਲਾਜ ਮੁਫਤ ਹੋਇਆ ਹੈ।
ਜ਼ਿਲ੍ਹ੍ਹੇ ਦੇ ਸਰਕਾਰੀ ਹਸਪਤਾਲਾਂ  ਵਿੱਚ 715 ਸਰਜਰੀਆਂ, 56 ਗੋਡੇ ਬਦਲੀ, 445 ਡਾਇਲਸਿਸ, 500 ਵੱਡੇ ਗਾਇਨੀ ਅਪਰੇਸ਼ਨ ਤੇ 1410  ਡਿਲੀਵਰੀਆਂ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਹੋਈਆਂ ਹਨ।
ਡਾ. ਜੀ. ਬੀ. ਸਿੰਘ ਨੇ ਦੱਸਿਆ ਕਿ ਕਰੋਨਾ ਵਰਗੀ ਮਹਾਮਾਰੀ ਦੌਰਾਨ ਲਾਕਡਾਊਨ ਦੇ ਚੱਲਦਿਆਂ ਬਰਨਾਲਾ ਜ਼ਿਲ੍ਹੇ ਦਾ ਸਿਵਲ ਹਸਪਤਾਲ ਅਤੇ ਸਬ ਡਿਵੀਜ਼ਨਲ ਹਸਪਤਾਲ ਤਪਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁਫਤ ਇਲਾਜ ਮੁਹੱਈਆ ਕਰਵਾਉਣ ਵਿੱਚ ਪੰਜਾਬ ਭਰ ਵਿੱਚੋਂ ਮੋਹਰੀ ਰਿਹਾ ਹੈ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਸਿਹਤ ਵਿਭਾਗ ਦਾ ਮਾਸ ਮੀਡੀਆ ਵਿੰਗ ਲੋਕਾਂ ਨੂੰ ਇਸ ਸਿਹਤ ਬੀਮਾ ਯੋਜਨਾ ਦੇ ਨਾਲ ਨਾਲ ਸਾਰੀਆਂ ਸਿਹਤ ਸਹੂਲਤਾਂ ਪ੍ਰਤੀ ਪਿੰਡ ਪੱਧਰ ਤਕ ਜਾਗਰੂਕ ਕਰ ਰਿਹਾ ਹੈ ਤਾਂ ਜੋ ਸਿਹਤ ਵਿਭਾਗ ਦੀ ਹਰ ਸਿਹਤ ਸਹੂਲਤ ਆਮ ਲੋਕਾਂ ਦੀ ਪਹੁੰਚ ਵਿੱਚ ਆਸਾਨੀ ਨਾਲ ਆ ਸਕੇ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਹਰ ਲਾਭਪਾਤਰੀ ਪਰਿਵਾਰ ਨੂੰ ਹਰ ਸਾਲ 5 ਲੱਖ ਰੁਪਏ ਤਕ ਦੇ ਮੁਫਤ ਸਿਹਤ ਬੀਮੇ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਸਕੀਮ ਅਧੀਨ ਸੂਚੀਬੱਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਇਨਡੋਰ ਦਾਖਲੇ ’ਤੇ ਮੁਫਤ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ ਅਤੇ ਇਸ ਯੋਜਨਾ ਅਧੀਨ ਕੋਵਿਡ-19 ਦਾ ਇਲਾਜ ਵੀ ਕਵਰ ਕੀਤਾ ਜਾਂਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਮਹਾਮਾਰੀ ਦੌਰਾਨ ਜ਼ਰੂਰੀ ਸਾਵਧਾਨੀਆਂ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਅਸੀਂ ਜ਼ਿਲ੍ਹੇ ਵਿਚ ਕਰੋਨਾ ਵਾਇਰਸ ਨੂੰ ਕੰਟਰੋਲ ਕਰ ਸਕੀਏ।