ਮਿਸ਼ਨ ਫਤਿਹ: ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਮਾਸਕ ਵੰਡਣ ਦੀ ਮੁਹਿੰਮ ਸ਼ੁਰੂ

barnala mission fateh punjab

*ਏਡੀਸੀ ਅਤੇ ਐਸਡੀਐਮ ਵੱਲੋਂ ਵਲੰਟੀਅਰਾਂ ਦੀਆਂ 6 ਟੀਮਾਂ ਰਵਾਨਾ
*ਜ਼ਿਲਾ ਵਾਸੀਆਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ
ਬਰਨਾਲਾ, 21 ਅਗਸਤ
ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਖਿਲਾਫ ਚਲਾਏ ਮਿਸ਼ਨ ਫਤਿਹ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਵੱਲੋਂ ਜ਼ਿਲਾ ਬਰਨਾਲਾ ਵਿਚ ਮਾਸਕ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਸ੍ਰੀ ਆਦਿਤਯ ਡੇਚਲਵਾਲ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸ੍ਰੀ ਵਰਜੀਤ ਵਾਲੀਆ ਐਸ.ਡੀ.ਐਮ. ਬਰਨਾਲਾ ਵੱਲੋਂ ਐਨਐਸਐਸ ਵਲੰਟੀਅਰਾਂ ਅਤੇ ਐਨਵਾਈਸੀ ਨੂੰ ਮਾਸਕ ਦੇ ਕੇ ਸ਼ਹਿਰ ਬਰਨਾਲਾ ਦੇ ਵੱਖ ਵੱਖ ਬਾਜ਼ਾਰਾਂ ਵਿਚ ਰਵਾਨਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਵਿਜਯ ਭਾਸਕਰ ਸ਼ਰਮਾ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਬਰਨਾਲਾ ਨੇ ਦੱਸਿਆ ਕਿ ਐਨ.ਐਸ.ਐਸ ਵਲੰਟੀਅਰਾਂ ਦੀਆਂ 6 ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਸ਼ਹਿਰ ਬਰਨਾਲਾ ਦੇ ਮੁੱਖ ਸਦਰ ਬਾਜ਼ਾਰ ਤੋਂ ਇਲਾਵਾ ਫਰਵਾਹੀ ਬਜ਼ਾਰ, ਹੰਡਿਆਇਆ ਬਜ਼ਾਰ, ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ ਅਤੇ ਬੱਸ ਸਟੈਂਡ ਰੋਡ ਨੂੰ ਕਵਰ ਕਰਦੇ ਹੋਏ ਦੁਕਾਨਦਾਰਾਂ ਅਤੇ ਕੰਮਕਾਜ ਲਈ ਬਾਹਰੋਂ ਆ ਰਹੇ ਲੋਕਾਂ ਨੂੰ ਮਾਸਕ ਦੀ ਵੰਡ ਕਰਨਗੇ। ਇਸ ਦੇ ਨਾਲ ਕਰੋਨਾ ਤੋਂ ਬਚਣ ਲਈ ਹਦਾਇਤਾਂ ਜਿਵੇਂ ਕਿ ਸਮਾਜਿਕ ਦੂਰੀ ਬਣਾਏ ਰੱਖਣਾ, ਵਾਰ ਵਾਰ ਹੱਥਾਂ ਨੂੰ ਸਾਬਣ ਨਾਲ ਧੋਣਾ ਅਤੇ ਮਾਸਕ ਦੀ ਵਰਤੋਂ ਕਰਨਾ ਆਦਿ ਲਈ ਜਾਗਰੂਕ ਕਰਨਗੇ।
ਇਸ ਤੋਂ ਇਲਾਵਾ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਐਸ.ਡੀ.ਐਮ. ਬਰਨਾਲਾ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕਰੋਨਾ ਦੇ ਵਧਦੇ ਕਰੋਪ ਤੋਂ ਬਚਣ ਲਈ ਸਾਨੂੰ ਸਰਕਾਰ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ ਅਤੇ ਜ਼ਰੂਰੀ ਇਹਤਿਆਤਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
ਇਸ ਮੌਕੇ ਸ੍ਰੀਮਤੀ ਪਰਮਜੀਤ ਕੌਰ ਸੋਹਲ, ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਬਰਨਾਲਾ ਤੋਂ ਇਲਾਵਾ ਟੀਮ ਇੰਚਾਰਜ ਲਵਪ੍ਰੀਤ ਸ਼ਰਮਾ, ਹਰਪ੍ਰੀਤ ਸਿੰਘ, ਸੰਦੀਪ ਸਿੰਘ, ਨਵਨੀਤ ਕੌਰ ਤੇ ਸੁਸ਼ਮਾਵਤੀ ਹਾਜ਼ਰ ਸਨ।