ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵਿਦਿਆਰਥੀਆਂ ਨੂੰ ਸਾਲਾਨਾ ਇਮਤਿਹਾਨਾਂ ਲਈ ਤਿਆਰ ਕਰਨ ਹਿੱਤ ਵਾਧੂ ਕਲਾਸਾਂ ਸ਼ੁਰੂ
ਤਰਨ ਤਾਰਨ, 23 ਦਸੰਬਰ :
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਘਰੇਲੂ ਪ੍ਰੀਖਿਆਵਾਂ ਵਿੱਚ ਕਾਰਗੁਜ਼ਾਰੀ ਨੂੰ ਆਧਾਰ ਮੰਨਦਿਆਂ ਸਰਕਾਰੀ ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਨਤੀਜਿਆਂ ਦਾ ਮਾਈਕਰੋ ਵਿਸ਼ਲੇਸ਼ਣ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਕੂਲ ਮੁਖੀਆਂ ਨੇ ਵਿਦਿਆਰਥੀਆਂ ਦੁਆਰਾ ਦਿੱਤੇ ਦਸੰਬਰ ਮਹੀਨੇ ਦੇ ਘਰੇਲੂ ਇਮਤਿਹਾਨਾਂ ਦਾ ਮੁਲਾਂਕਣ ਕਰਨ ਲਈ ਸਕੂਲ ਪੱਧਰ `ਤੇ ਤਿਆਰ ਸਾਫ਼ਟਵੇਅਰ ਨੂੰ ਵਰਤਦਿਆਂ ਵਿਦਿਆਰਥੀਆਂ ਦੇ ਮਜ਼ਬੂਤ ਅਤੇ ਕਮਜ਼ੋਰ ਪੱਖਾਂ ਨੂੰ ਜਾਣ ਕੇ ਅਗਲੇਰੀ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਤਰਨਤਾਰਨ, ਸਤਨਾਮ ਸਿੰਘ ਬਾਠ ਨੇ ਦੱਸਿਆ ਕਿ ਰੋਜ਼ਾਨਾ ਸਕੂਲ ਮੁਖੀਆਂ ਨੂੰ ਆਪਣੇ ਸਕੂਲ ਦੀ ਪੀਪੀਟੀ ਤਿਆਰ ਕਰਕੇ ਸਕੂਲ ਦੇ ਨਤੀਜੇ ਨੂੰ ਸ਼ਤ-ਪ੍ਰਤੀਸ਼ਤ ਬਣਾਉਣ ਲਈ ਸਕੂਲ ਦੀ ਤਿਆਰੀਆਂ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡੀ. ਈ. ਓ. (ਸੈ.) ਤਰਨਤਾਰਨ, ਸ੍ਰੀ ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੋਰੋਨਾ ਦੇ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਮਾਪਿਆਂ ਦੀ ਸਹਿਮਤੀ ਨਾਲ ਵਿਦਿਆਰਥੀ ਪੜ੍ਹਣ ਲਈ ਸਕੂਲ ਆ ਰਹੇ ਹਨ ਅਤੇ ਆਫਲਾਈਨ ਇਮਤਿਹਾਨ ਦੇ ਰਹੇ ਹਨ। ਇਸ ਨਾਲ ਜਿੱਥੇ ਬੱਚਿਆਂ ਦੀ ਸਲਾਨਾ ਪ੍ਰੀਖਿਆਵਾਂ ਲਈ ਤਿਆਰੀ ਹੋ ਰਹੀ ਹੈ ਉੱਥੇ ਅਧਿਆਪਕ ਬੱਚਿਆਂ ਦੀ ਵਧੀਆ ਤਿਆਰੀ ਲਈ ਵਾਧੂ ਜਮਾਤਾਂ ਵੀ ਲਗਾਉਣ ਲੱਗੇ ਹਨ।
ਇਸ ਤੋਂ ਪਹਿਲਾਂ ਕੋਵਿਡ ਕਾਰਨ ਹੋਏ ਲਾਕਡਾਊਨ ਦੌਰਾਨ ਸਰਕਾਰੀ ਸਕੂਲਾਂ ਦੇ ਸਮੂਹ ਵਿਦਿਆਰਥੀਆਂ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਘਰ ਬੈਠੇ ਸਿੱਖਿਆ ਮੁਹਿੰਮ ਦੌਰਾਨ ਆਨਲਾਈਨ ਸਿੱਖਿਆ ਦੇਣ ਲਈ ਟੈਲੀਵੀਜ਼ਨ ਰਾਹੀਂ ਜਮਾਤਾਂ, ਰੇਡੀਓ ਕਲਾਸਰੂਮ, ਸੋਸ਼ਲ਼ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਵਰਤ ਕੇ ਬੱਚਿਆਂ ਨੂੰ ਰੋਜ਼ਾਨਾ ਵੀਡੀਓ ਕਲਾਸਾਂ ਰਾਹੀ ਪੜ੍ਹਾਈ ਕਰਵਾਈ ਗਈ ਅਤੇ ਹੁਣ ਵੀ ਜਾਰੀ ਹੈ। ਇਸਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਐਜੂਕੇਅਰ ਐਪ ਵੀ ਤਿਆਰ ਕੀਤਾ ਗਿਆ ਜਿਸ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤਾਂ ਤੱਕ ਦੇ ਸਾਰੇ ਵਿਸ਼ਿਆਂ ਦੀਆਂ ਕਿਤਾਬਾਂ, ਪਾਠਕ੍ਰਮ, ਮਾਡਲ ਟੈਸਟ ਪੇਪਰ ਅਤੇ ਈ-ਕੰਟੈਂਟ ਉਪਲਬਧ ਕਰਵਾਇਆ ਗਿਆ ਹੈ।

English





