ਮੁਸ਼ਕਲਾਂ ਭਰੀ ਜ਼ਿੰਦਗੀ ‘ਚ ਅੱਗੇ ਵੱਧਣਾ ਦਿਵਿਆਂਗ ਵਿਅਕਤੀਆਂ ਦੇ ਅਸਲ ਨਾਇਕ ਹੋਣ ਨੂੰ ਦਰਸਾਉਂਦਾ ਹੈ- ਡਿਪਟੀ ਕਮਿਸ਼ਨਰ

ਪ੍ਰਕਾਸ਼ ਮੈਮੋਰੀਅਲ ਸਕੂਲ ਰੂਪਨਗਰ ਵਿਖੇ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ
ਰੂਪਨਗਰ, 3 ਦਸੰਬਰ 2024
ਦਿਵਿਆਂਗ ਵਿਅਕਤੀ ਅਸਲ ਨਾਇਕ ਹਨ ਜੋ ਕਿ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਜ਼ਿੰਦਗੀ ਵਿੱਚ ਅੱਗੇ ਵਧਦੇ ਹਨ, ਜੇਕਰ ਇਨ੍ਹਾਂ ਨੂੰ ਪੂਰਾ ਸਹਿਯੋਗ ਤੇ ਹੌਸਲਾ ਅਫਜ਼ਾਈ ਕੀਤੀ ਜਾਵੇ ਤਾਂ ਇਹ ਕਿਸੇ ਵੀ ਮੁਕਾਮ ਨੂੰ ਹਾਸਲ ਕਰ ਸਕਦੇ ਹਨ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਪ੍ਰਕਾਸ਼ ਮੈਮੋਰੀਅਲ ਡੈਫ ਐਂਡ ਡੰਪ ਸਕੂਲ ਰੂਪਨਗਰ ਵਿਖੇ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਪ੍ਰਤੀ ਸਮਾਜਿਕ ਭੇਦਭਾਵ ਨੂੰ ਖ਼ਤਮ ਕਰਨ ਅਤੇ ਦਿਵਿਆਂਗ ਵਿਅਕਤੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸੰਸਾਰ ਭਰ ਵਿੱਚ ਇਹ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਵਸ ਦਾ ਉਦੇਸ਼ ਦਿਵਿਆਂਗਜਨ ਦੇ ਜੀਵਨ ਨੂੰ ਹਰੇਕ ਖੇਤਰ ਵਿੱਚ ਸ਼ਾਮਲ ਕਰਕੇ ਉਨ੍ਹਾਂ ਦੇ ਆਤਮ-ਸਨਮਾਨ ਨੂੰ ਵਧਾਉਣਾ ਹੈ ਤਾਂ ਜੋ ਉਹ ਆਮ ਨਾਗਰਿਕ ਵਰਗੀ ਜ਼ਿੰਦਗੀ ਜੀਅ ਸਕਣ।
ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਸਮਾਜ ਵਿੱਚ ਬਰਾਬਰੀ ਦਾ ਅਧਿਕਾਰ ਦੇਣਾ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਅਤੇ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਇਹ ਯਕੀਨੀ ਬਣਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਕਿ ਅਜਿਹੇ ਸਾਰੇ ਲੋਕ ਆਪਣੀ ਜ਼ਿੰਦਗੀ ਇੱਜ਼ਤ ਅਤੇ ਮਾਣ ਨਾਲ ਜੀਣ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਸਕੂਲ ਤੇ ਹੋਰ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਹੈਂਡਬਾਲ ਕੋਚ ਬੀ.ਐਸ. ਘੁੰਮਣ ਨੇ ਕਿਹਾ ਕਿ ਦਿਵਿਆਂਗ ਵਿਅਕਤੀ ਸਮਾਜ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਵਿੱਚ ਵਿਲੱਖਣਤਾ ਤੇ ਹੁਨਰ ਦੀ ਪਹਿਚਾਣ ਕਰਦਿਆਂ ਸਾਨੂੰ ਉਨ੍ਹਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਸਕੂਲ ਦੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਿਰਾਸ਼ਾਵਾਦੀ ਨਹੀਂ ਬਲਕਿ ਆਸ਼ਾਵਾਦੀ ਵਿੱਚ ਵਿਸ਼ਵਾਸ ਕਰਕੇ ਅੱਗੇ ਵਧਣਾ ਚਾਹੀਦਾ ਹੈ ਤੇ ਬੁਲੰਦੀਆਂ ਨੂੰ ਛੂਹਣਾ ਚਾਹੀਦਾ ਹੈ।
ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਸੱਭਿਆਚਾਰਕ ਗਤੀਵਿਧੀਆ ਤੇ ਖੇਡਾਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਉਨ੍ਹਾਂ ਵੱਲੋਂ ਵੱਧ-ਚੜ੍ਹ ਕੇ ਭਾਗ ਲਿਆ ਗਿਆ, ਇਸ ਦੇ ਨਾਲ ਹੀ ਬੱਚਿਆਂ ਦੇ ਮਾਪਿਆਂ ਦੀਆਂ ਵੀ ਖੇਡਾਂ ਕਰਵਾਈਆ ਗਈਆਂ ਜਿਨ੍ਹਾਂ ਦੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਇਨਾਮ ਵੰਡੇ ਗਏ। ਇਸ ਦੇ ਨਾਲ ਹੀ ਸੈਲਫ਼ ਹੈਲਪ ਗਰੁੱਪ ਟ੍ਰੇਨਰ ਪਰਮਜੀਤ ਕੌਰ ਵੱਲੋਂ ਤੇ ਉਨ੍ਹਾਂ ਦੀ ਟੀਮ ਵੱਲੋਂ ਆਪ ਤਿਆਰ ਕੀਤੇ ਗਏ ਕੱਪੜਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦੀ ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ੰਸ਼ਾ ਕੀਤੀ ਗਏ ਤੇ ਇਸ ਕੰਮ ਨੂੰ ਹੋਰ ਜਿਆਦਾ ਉੱਚ ਪੱਧਰ ਤੇ ਕਰਨ ਲਈ ਵੀ ਕਿਹਾ ਗਿਆ।
ਇਸ ਦੇ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰੋਜ਼ਗਾਰ ਅਫ਼ਸਰ ਪ੍ਰਭਜੋਤ ਸਿੰਘ ਤੇ ਪਲੇਸਮੈਂਟ ਅਫ਼ਸਰ ਮੀਨਾਕਸ਼ੀ ਬੇਦੀ ਵੱਲੋਂ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਇਸ ਦੇ ਨਾਲ ਹੀ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਏ ਜਾ ਰਹੇ ਵਿਸ਼ਵ ਸੰਸਾਰ ਦਿਵਸ ਵਿੱਚ ਆਉਣ ਲਈ ਸੱਦਾ ਵੀ ਦਿੱਤਾ ਗਿਆ।
ਇਸ ਮੌਕੇ ਪ੍ਰਕਾਸ਼ ਮੈਮੋਰੀਅਲ ਡਿਫ ਐਂਡ ਡੰਪ ਸਕੂਲ ਰੋਪੜ ਦੇ ਪ੍ਰਿੰਸੀਪਲ ਆਦਰਸ਼ ਸ਼ਰਮਾ, ਇਨਰਵੀਲ ਕਲੱਬ ਪ੍ਰਧਾਨ ਬਲਵਿੰਦਰ ਕੌਰ, ਊਸ਼ਾ ਭੋਲਾ, ਰੋਟਰੀ ਕਲੱਬ ਪ੍ਰਧਾਨ ਕੁਲਵੰਤ ਸਿੰਘ, ਸਟੇਜ ਸੈਕਟਰੀ ਰੋਟਰੀ ਕਲੱਬ ਅਰੀਨਾ ਸ਼ਰਮਾ, ਸੁਖਮਨੀ ਸੁਸਾਇਟੀ ਪ੍ਰਧਾਨ ਮਨਜੀਤ ਕੌਰ, ਰਿਟਾ. ਪ੍ਰਿੰਸੀਪਲ ਗੁਰਮੁਖੀ, ਰਿਟਾ. ਪ੍ਰਿੰਸੀਪਲ ਸਰਬਜੀਤ ਕੌਰ, ਜਸਬੀਰ ਬੇਗਮ, ਕਾਉਂਸਲਰ ਜਸਬੀਰ ਸਿੰਘ, ਸਕੂਲ ਸਟਾਫ਼ ਮੀਨੂ ਰਾਣੀ, ਜਸਵੰਤ ਕੌਰ, ਰੁਪਿੰਦਰ ਸੈਣੀ, ਸਾਈਮਨ ਅਤੇ ਰਣਜੀਤ ਕੌਰ ਆਦਿ ਹਾਜ਼ਰ ਸਨ।