ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਵੱਲੋਂ ਨਦੀਨਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਸਾਂਝੇ ਕੀਤੇ ਨੁਕਤੇ 

ਤਰਨ ਤਾਰਨ, 23 ਦਸੰਬਰ :
ਮੁੱਖ ਖੇਤੀਬਾੜੀ ਅਫਸਰ, ਤਰਨ ਤਾਰਨ ਡਾ: ਕੁਲਜੀਤ ਸਿੰਘ ਸੈਣੀ ਨੇ ਨਦੀਨਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਨੁਕਤੇ ਸਾਂਝੇ ਕਰਦਿਆਂ ਹੋਇਆ ਦੱਸਿਆ ਕਿ ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਜ਼ਿਆਦਾਤਰ ਪਹਿਲੇ ਪਾਣੀ ਤੋਂ ਬਾਅਦ ਨਦੀਨਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਦੀਨਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਪਹਿਲੇ ਪਾਣੀ ਤੋਂ ਬਾਅਦ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਨਦੀਨਨਾਸ਼ਕ ਹੀ ਵਰਤੋਂ। ਜੇਕਰ ਪਿਛਲੇ ਸਾਲਾਂ ਵਿੱਚ ਕਿਸੇ ਨਦੀਨ ਨਾਸ਼ਕ ਦੇ ਨਤੀਜੇ ਚੰਗੇ ਨਾ ਮਿਲੇ ਹੋਣ ਤਾਂ ਉਸਦੀ ਚੋਣ ਖੇਤ ਲਈ ਨਾ ਕਰੋ।
ਉਹਨਾਂ ਕਿਹਾ ਕਿ ਨਦੀਨਨਾਸ਼ਕ ਦੀ ਹਮੇਸ਼ਾ ਸਿਫਾਰਿਸ਼ ਕੀਤੀ ਮਾਤਰਾ ਵਰਤੋਂ। ਸਿਫਾਰਿਸ਼ ਤੋਂ ਘੱਟ ਮਾਤਰਾ ਵਰਤਣ ਨਾਲ ਨਦੀਨਾਂ ਦੀ ਚੰਗੀ ਰੋਕਥਾਮ ਨਹੀਂ ਹੁੰਦੀ। ਜਦੋਂ ਗੁੱਲੀ ਡੰਡੇ ਦੇ ਬੂਟੇ 2 ਤੋਂ 3 ਪੱਤਿਆਂ ਦੀ ਅਵਸਥਾ ਵਿੱਚ ਹੋਣ, ਉਹ ਸਮਾਂ ਨਦੀਨਨਾਸ਼ਕ ਦੇ ਛਿੜਕਾਅ ਲਈ ਸਭ ਤੋਂ ਢੁੱਕਵਾਂ ਹੈ। ਨਦੀਨਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਇਹਨਾਂ ਦੀ ਵਰਤੋਂ ਬਿਜਾਈ ਤੋਂ 30 ਤੋਂ 35 ਦਿਨਾਂ ਦੇ ਅੰਦਰ ਕਰੋ। ਨਦੀਨਨਾਸ਼ਕ ਦਾ ਛਿੜਕਾਅ ਹਮੇਸ਼ਾ ਵੱਤਰ ਖੇਤ (ਸਲਾਬ) ਵਿੱਚੋਂ ਕਰੋ। ਖੁਸ਼ਕ ਖੇਤ ਵਿੱਚ ਛਿੜਕਾਅ ਕਰਨ ਨਾਲ ਚੰਗੇ ਨਤੀਜੇ ਨਹੀਂ ਮਿਲਦੇ। ਨਦੀਨਨਾਸ਼ਕ ਜਿਵੇ ਕਿ ਐਟਲਾਂਟਿਸ, ਸ਼ਗੁਨ 21-11, ਏ. ਸੀ. ਐੱਮ. 9 ਆਦਿ ਦਾ ਜ਼ਿਆਦਾ ਸਲਾਬ ਵਿੱਚ ਛਿੜਕਾਅ ਕਈ ਵਾਰ ਫਸਲ ਦਾ ਨੁਕਸਾਨ ਕਰਦਾ ਹੈ। ਨਦੀਨਨਾਸ਼ਕ ਦੇ ਛਿੜਕਾਅ ਲਈ ਹਮੇਸ਼ਾਂ ਕੱਟ ਵਾਲੀ (ਫਲੈਟ ਫੈਨ) ਜਾਂ ਟੱਕ ਵਾਲੀ (ਫਲੱਡ ਜੈੱਟ) ਨੋਜ਼ਲ ਹੀ ਵਰਤੋਂ । ਸਪਰੇਅ ਲਈ ਹੱਥ ਨਾਲ, ਬੈਟਰੀ ਨਾਲ ਚੱਲਣ ਵਾਲੇ ਜਾਂ ਪਾਵਰ ਸਪਰੇਅਰ ਦੀ ਵਰਤੋਂ ਹੀ ਕਰੋ ਅਤੇ ਕਦੇ ਵੀ ਗੰਨ ਸਪਰੇਅ ਦੀ ਵਰਤੋ ਨਾ ਕਰੋ।
ਨਦੀਨਨਾਸ਼ਕ ਤੋ ਪੂਰਾ ਫਾਇਦਾ ਲੈਣ ਲਈ ਸਪਰੇਅ ਸਮੇਂ 150 ਲੀਟਰ ਪਾਣੀ ਪ੍ਰਤੀ ਏਕੜ ਦੀ ਵਰਤੋਂ ਕਰੋ। ਲਗਾਤਾਰ ਇੱਕ ਹੀ ਨਦੀਨਨਾਸ਼ਕ ਵਰਤਣ ਨਾਲ ਨਦੀਨਾਂ ਵਿੱਚ ਉਸ ਨਦੀਨ ਨਾਸ਼ਕ ਪਮਤੀ ਰੋਧਣ ਸ਼ਕਤੀ ਪੈਦਾ ਹੋ ਜਾਂਦੀ ਹੈ। ਨਦੀਨਾਂ  ਵਿੱਚ ਰੋਧਣ ਸ਼ਕਤੀ ਨੂੰ ਰੋਕਣ ਲਈ ਹਰ ਸਾਲ ਵੱਖੋ-ਵੱਖ ਗਰੁੱਪਾਂ ਦੇ ਨਦੀਨ ਨਾਸ਼ਕ ਵਰਤੋ। ਕਦੇ ਵੀ ਆਪਣੇ ਆਪ ਨਦੀਨਨਾਸ਼ਕਾਂ ਦੀ ਮਿਲਾ ਕੇ ਵਰਤੋਂ ਨਾ ਕਰੋ ਕਿੳਂੁਕਿ ਇਹ ਫਸਲ ਤੇ ਮਾੜਾ ਅਸਰ ਪਾਉਦੇ ਹਨ ਅਤੇ ਇਸ ਦੇ ਸਿੱਟੇ ਵਜੋਂ ਗੁੱਲੀ ਡੰਡੇ ਵਿੱਚ ਵੱਖ-ਵੱਖ ਨਦੀਨਨਾਸ਼ਕਾਂ ਪ੍ਰਤੀ ਰੋਧਣ ਸ਼ਕਤੀ ਪੈਦਾ ਹੋ ਜਾਂਦੀ ਹੈ।
ਨਦੀਨਨਾਸ਼ਕ ਦੀ ਵਰਤੋ ਕਰਨ ਤੋਂ ਬਾਅਦ ਵੀ ਗੁੱਲੀ ਡੰਡੇ ਦੇ ਕੁਝ ਬੂਟੇ ਬੱਚ ਜਾਂਦੇ ਹਨ ਜਾਂ ਸਪਰੇਅ ਤੋ ਬਾਅਦ ਉੱਗ ਜਾਂਦੇ ਹਨ। ਇਹਨਾਂ ਬਚੇ ਹੋਏ ਗੁੱਲੀ ਡੰਡੇ ਅਤੇ ਹੋਰ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਾਉਣ ਤੋ ਪਹਿਲਾਂ ਪੁੱਟ ਦਿਉ। ਇਸ ਤਰਾਂ੍ਹ ਕਰਨ ਨਾਲ ਕਣਕ ਦੀ ਅਗਲੀ ਫਸਲ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ।