ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਭਰ ਵਿਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰ ਦਾ ਵਰਚੂਅਲ ਉਦਘਾਟਨ

ਕੋਵਿਡ ਦੌਰਾਨ ਨਿਭਾਈ ਭੁਮਿਕਾ ਲਈ ਮੁੱਖ ਮੰਤਰੀ ਨੇ ਸਾਰੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਕੀਤੀ ਹੌਂਸਲਾਂ ਅਫਜਾਈ
ਜ਼ਿਲੇ ਵਿਚ ਇਸ ਸਮੇਂ 64 ਤੰਦਰੁਸਤ ਪੰਜਾਬ ਸਿਹਤ ਕੇਂਦਰ ਜ਼ਿਲ੍ਹਾ ਵਾਸੀਆਂ ਨੂੰ ਮੁਹੱਈਆ ਕਰਵਾ ਰਹੇ ਹਨ ਸਿਹਤ ਸੇਵਾਵਾ-ਡਿਪਟੀ ਕਮਿਸ਼ਨਰ
ਤਰਨ ਤਾਰਨ, 21 ਨਵੰਬਰ :
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਇੱਕ ਆੱਂਲਾਈਨ ਸਮਾਗਮ ਰਾਹੀਨ ਪੰਜਾਬ ਦੇ ਕੁੱਲ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਰਚੁਅਲੀ ਉਦਘਾਟਨ ਕੀਤਾ ਗਿਆ । ਇਸ ਮੌਕੇ ਉਨਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲੇ ਮੈਡੀਕਲ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਦੀ ਹੌਂਸਲਾਂ ਅਫਜਾਈ ਕਰਦਿਆਂ ਕਿਹਾ ਕਿ ਇੰਨ੍ਹਾਂ ਯੋਧਿਆ ਨਾਲ ਹੀ ਅਸੀਂ ਇਸ ਬਿਮਾਰੀ ਤੇ ਕਾਬੂ ਪਾਊਣ ਵਿਚ ਸਫਲ ਹੋਏ ਹਾਂ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਹਤ ਕੇਂਦਰ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜਦੀਕ ਹੀ ਮੁੱਢਲੀਆਂ ਸਿਹਤ ਸੇਵਾਵਾਂ ਦੇਣਗੇ। ਉਨਾਂ ਨੇ ਦੱਸਿਆ ਕਿ ਇੰਨਾਂ ਸਿਹਤ ਕੇਂਦਰਾਂ ਵਿਚ 27 ਪ੍ਰਕਾਰ ਦੀਆਂ ਦਵਾਈਆਂ ਅਤੇ 6 ਪ੍ਰਕਾਰ ਦੇ ਮੈਡੀਕਲ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।ਉਨਾਂ ਨੇ ਕਿਹਾ ਕਿ ਰਾਜ ਵਿਚ 3049 ਕੇਂਦਰ ਸਥਾਪਿਤ ਕੀਤੇ ਜਾਣ ਦਾ ਟੀਚਾ ਹੈ, ਜਿਸ ਵਿਚੋਂ 2046 ਸਥਾਪਿਤ ਕੀਤੇ ਜਾ ਚੁੱਕੇ ਹਨ। ਜਦ ਕਿ 800 ਹੋਰ ਅਗਲੇ ਦੋ ਮਹੀਨੇ ਵਿਚ ਸ਼ੁਰੂ ਕਰ ਦਿੱਤੇ ਜਾਣਗੇ।
ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇੰਨਾਂ ਸਿਹਤ ਕੇਂਦਰਾਂ ਵਿਚ ਮਾਰਚ 2019 ਤੋਂ ਹੁਣ ਤੱਕ 55 ਲੱਖ ਲੋਕਾਂ ਨੇ ਇਲਾਜ ਕਰਵਾਇਆ ਹੈ।ਇਸ ਮੌਕੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਸਕੱਤਰ ਸਿਹਤ ਵਿਭਾਗ ਸ੍ਰੀ ਹੁਸਨ ਲਾਲ ਨੇ ਵੀ ਸੰਬੋਧਨ ਕੀਤਾ। ਇਸ ਤੋਂ ਬਿਨਾਂ ਵੱਖ ਵੱਖ ਜ਼ਿਲਿਆਂ ਤੋਂ ਡਾਕਟਰਾਂ ਅਤੇ ਸਿਹਤ ਕਰਮੀਆਂ ਨੇ ਵੀ ਆਨਲਾਈਨ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ।
ਇਸ ਮੌਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਤੋਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, ਐੱਸ. ਐੱਸ. ਪੀ. ਸ੍ਰੀ ਧਰੁਮਨ ਐੱਚ. ਨਿੰਬਲੇ ਅਤੇ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਸਮਾਗਮ ਵਿਚ ਆੱਨਲਾਈਨ ਸ਼ਿਰਕਤ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹੈ ਤੇ ਵੱਧ ਤੋਂ ਵੱਧ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਨੂੰ ਮੁਫ਼ਤ ਤੇ ਬਿਹਤਰ ਇਲਾਜ ਦੀ ਸਹੂਲਤ ਦੇਣ ਪੰਜਾਬ ਸਰਕਾਰ ਦ੍ਰਿੜ ਸੰਕਲਪ ਹੈ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਸਿਹਤ ਸਹੂਲਤ ਤੇ ਇਲਾਜ ਤੋਂ ਵਾਂਝਾ ਨਾ ਰਹੇ। ਉਹਨਾਂ ਦੱਸਿਆ ਕਿ ਜ਼ਿਲੇ ਵਿਚ ਇਸ ਸਮੇਂ 64 ਤੰਦਰੁਸਤ ਪੰਜਾਬ ਸਿਹਤ ਕੇਂਦਰ ਸਫ਼ਲਤਾ ਪੂਰਵਕ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਸੇਵਾਵਾ ਮੁਹੱਈਆ ਕਰਵਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਸਿਹਤ ਵਿਭਾਗ ਵੱਲੋਂ ਚੱਲ ਰਹੇ ਉਪ ਕੇਂਦਰਾਂ ਨੂੰ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਤੌਰ ‘ਤੇ ਅਪਗ੍ਰੇਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਪ ਕੇਂਦਰਾਂ ਤੇ ਪਹਿਲੇ ਜਿੱਥੇ ਜੱਚਾ ਬੱਚਾ ਸਿਹਤ ਸਹੂਲਤ ਤੇ ਟੀਕਾਕਰਨ ਦੀ ਸਹੂਲਤ ਪਿੰਡ ਪਿੰਡ ਤੱਕ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਮੁਹੱਇਆ ਕਰਵਾਈ ਜਾ ਰਹੀ ਸੀ, ਉੱਥੇ ਹੀ ਤੰਦਰੁਸਤ ਪੰਜਾਬ ਸਿਹਤ ਕੇਂਦਰ ਦੇ ਅਪਗ੍ਰੇਡ ਹੋਣ ਨਾਲ ਉਪਰੋਕਤ ਸਹੂਲਤਾਂ ਦੇ ਨਾਲ ਨਾਲ ਸੰਚਾਰੀ ਤੇ ਗੈਰ ਸੰਚਾਰੀ ਰੋਗਾਂ, ਸਕੂਲ ਹੈਲਥ ਐਜੂਕੇਸ਼ਨ ਜਿਸ ਵਿਚ ਕਿਸ਼ੋਰ ਸਿਹਤ ਵੀ ਸ਼ਾਮਲ ਹਨ ਦੇ ਇਲਾਜ ਦੀ ਸਹੂਲਤ ਇਨ੍ਹਾਂ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿਚ ਹੀ ਮਿਲੇਗੀ। ਉਹਨਾਂ ਕਿਹਾ ਕਿ ਇਨ੍ਹਾਂ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੇ ਰਾਹੀਂ ਵੱਖ-ਵੱਖ ਬੀਮਾਰੀਆਂ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਵੀ ਫੈਲਾਈ ਜਾਏਗੀ।