ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਕੈਂਸਰ ਦੇ ਮਰੀਜਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ: ਡਾ ਲਹਿੰਬਰ ਰਾਮ ਸਿਵਲ ਸਰਜਨ

ਫਾਜ਼ਿਲਕਾ 11 ਜਨਵਰੀ 2025

ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਰਾਹੀਂ ਲੋਕਾਂ ਦੀ ਸਿਹਤ ਲਈ ਵੱਖ ਵੱਖ ਸਿਹਤ ਪ੍ਰੋਗ੍ਰਾਮ ਚਲਾਏ ਗਏ ਹਨ ਅਤੇ ਹੋਰ ਪ੍ਰੋਗ੍ਰਾਮ ਚਲਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਇਲਾਜ ਲਈ ਪੰਜਾਬ ਦੇ ਸਾਰੇ ਲੋਕਾਂ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਚਲਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਲਹਿੰਬਰ ਰਾਮ  ਸਿਵਲ ਸਰਜਨ ਫਾਜਿਲਕਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਕੈਂਸਰ ਦੇ ਹਰੇਕ ਮਰੀਜ਼ ਨੂੰ 150000/— ਰੁਪਏ ਤੱਕ ਦੀ ਸਹਾਇਤਾ ਸਬੰਧਿਤ ਸਰਕਾਰੀ ਜਾਂ ਐਪੈਂਲਡ ਹਸਪਤਾਲ ਨੂੰ ਦਿੱਤੀ ਜਾਂਦੀ ਹੈ, ਜਿਥੇ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ਤਾਂ ਜੋ ਕੈਂਸਰ ਦੇ ਮਰੀਜ਼ ਦਾ 150000/— ਰੁਪਏ ਤੱਕ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਸਾਰੇ ਸਰਕਾਰੀ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜਾਂ, ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32, ਏਮਜ਼ ਦਿੱਲੀ, ਪੀ.ਜੀ.ਆਈ. ਚੰਡੀਗੜ੍ਹ, ਅਡਵਾਂਸ ਕੈਂਸਰ ਹਸਪਤਾਲ ਬਠਿੰਡਾ, ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ, ਅਚਾਰਯ ਤੁਲਸੀ ਕੇਅਰ ਸੈਂਟਰ ਬੀਕਾਨੇਰ ਅਤੇ ਹੋਰ ਪ੍ਰਾਈਵੇਟ ਹਸਪਤਾਲ ਐਂਪੈਂਲਡ ਕੀਤੇ ਹਨ। ਉਹਨਾਂ ਦੱਸਿਆ ਕਿ ਜਦੋਂ ਕਿਸੇ ਨੁੂੰ ਕੈਂਸਰ ਦੇ ਲੱਛਣ ਦਿਸਣ ਜਿਵੇ ਕਿ ਛਾਤੀ ਵਿੱਚ ਗਿਲਟੀ ਜਾਂ ਗੰਢ, ਨਿੱਪਲ ਦਾ ਅੰਦਰ ਧੱਸਣਾ, ਨਿੱਪਲ ਵਿੱਚੋਂ ਖੂਨ ਦਾ ਵਗਣਾ, ਮੁੂੰਹ/ਮਸੂੜੇ/ਤਾਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲੇ ਜਖਮ, ਪੁਰਾਣੇ ਜਖਮਾਂ ਵਿੱਚੋਂ ਖੂਨ ਵਗਣਾ, ਲਗਾਤਾਰ ਲੰਬੀ ਖਾਂਸੀ, ਬਲਗਮ ਵਿੱਚ ਖੂਨ, ਵਜ਼ਨ ਘਟਣ ਦੇ ਨਾਲ ਨਾਲ ਨਾ ਠੀਕ ਹੋਣ ਵਾਲਾ ਪੀਲੀਆ, ਸਰੀਰ ਵਿੱਚ ਖੂਨ ਦੀ ਕਮੀ, ਬਿਨ੍ਹਾਂ ਵਜ੍ਹਾ ਤਿੰਨ ਮਹੀਨਿਆਂ ਤੋਂ ਬੁਖਾਰ, ਦਰਦ, ਪਿਸ਼ਾਬ ਵਿੱਚ ਖੂਨ, ਪਿਸ਼ਾਬ ਵਿੱਚ ਰੁਕਾਵਟ ਆਦਿ ਬਿਮਾਰੀ ਦੇ ਲੱਛਣ ਦਿਸਣ ਤਾਂ ਜਲਦੀ ਮਾਹਿਰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ, ਤਾਂ ਜੋ ਕੈਂਸਰ ਨੁੰ ਜਲਦੀ ਪਹਿਚਾਣ ਕੇ ਉਸ ਦਾ ਸੰਪੂਰਨ ਇਲਾਜ ਕੀਤਾ ਜਾ ਸਕੇ। ਕੈਂਸਰ ਦੀ ਬਿਮਾਰੀ ਦੇ ਲੇਟ ਪਤਾ ਲੱਗਣ ਤੇ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ, ਜਿਸ ਨਾਲ ਖਰਚ ਵੀ ਬਹੁਤ ਜ਼ਿਆਦਾ ਆਉਂਦਾ ਅਤੇ ਮਰੀਜ਼ ਨੁੰ ਬਚਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਇਸ ਬਿਮਾਰੀ ਦਾ ਮੁੱਢਲੀ ਸਟੇਜ ਵਿੱਚ ਪਤਾ ਲੱਗ ਜਾਂਦਾ ਹੈ ਤਾਂ ਇਸ ਦਾ ਇਲਾਜ ਸੰਭਵ ਹੈ ਅਤੇ ਖਰਚਾ ਵੀ ਘੱਟ ਆਉਂਦਾ ਹੈ।