ਮੰਡੀਆਂ ਵਿੱਚ ਖੱਜਲ ਖਰਾਬੀ ਤੋਂ ਬਚਣ ਲਈ ਝੋਨੇ ਦੀ ਫਸਲ ,ਪੂਰੀ ਤਰਾਂ ਪੱਕਣ ਉਪਰੰਤ ਹੀ ਕਟਾਈ ਕਰਵਾਉ:ਡਿਪਟੀ ਕਮਿਸ਼ਨਰ
—–ਜ਼ਿਲਾ ਪਠਾਨਕੋਟ ਵਿੱਚ ਝੋਨੇ ਦੇ ਸੁਚੱਜੇ ਮੰਡੀਕਰਨ ਲਈ ਮੰਡੀਆਂ ਵਿੱਚ ਪ੍ਰਬੰਧ ਮੁਕੰਮਲ।
ਪਠਾਨਕੋਟ: 3 ਅਕਤੂਬਰ:
ਜ਼ਿਲਾ ਪਠਾਨਕੋਟ ਵਿੱਚ ਇਸ ਵਾਰ ਤਕਰੀਬਨ 28500 ਹੈਕਟੇਅਰ ਰਕਬੇ ਵਿੱਚ ਝੋਨੇ (ਸਮੇਤ ਬਾਸਮਤੀ) ਦੀ ਕਾਸ਼ਤ ਕੀਤੀ ਗਈ ਹੈ ਜਿਸ ਤੋਂ ਤਕਰੀਬਨ 95 ਹਜ਼ਾਰ ਟਨ ਪੈਦਾਵਾਰ ਹੋਣ ਦੀ ਸੰਭਾਵਨਾ ਹੈ।ਝੋਨੇ ਦੀ ਪੈਦਾਵਾਰ ਦੇ ਸੁਚੱਜੇ ਮੰਡੀਕਰਨ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਜੋ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਪੇਸ਼ ਨਾਂ ਆਵੇ।ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਸ਼. ਹਰਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲੇ ਅੰਦਰ ਝੋਨੇ ਦੀ ਫਸਲ ਉੱਪਰ ਮਧਰੇਪਣ ਦੀ ਸਮੱਸਿਆ ਆਉਣ ਕਾਰਨ ਪੈਦਾਵਾਰ ਤੇ ਬੁਰਾ ਪ੍ਰਭਾਵ ਪੈ ਸਕਦਾ ਹੇ।ਉਨਾਂ ਕਿਹਾ ਕਿ ਜਿਸ ਤਰਾਂ ਝੋਨੇ ਦੀ ਪੈਦਾਵਾਰ ਲਈ ਤਕਨੀਕੀ ਗਿਆਨ ਦਾ ਹੋਣਾ ਜ਼ਰੂਰੀ ਹੈ,ਉਸੇ ਤਰਾਂ ਜਿਨਸ ਦਾ ਮੰਡੀਕਰਨ ਦੇ ਗਿਆਨ ਦਾ ਹੋਣਾ ਹੋਰ ਵੀ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਜੇਕਰ ਜਿਨਸ ਦੀ ਵਿਕਰੀ, ਮੰਡੀਕਰਨ ਦੇ ਸਿਧਾਤਾਂ ਨੂੰ ਮੁੱਖ ਰੱਖ ਕੇ ਕੀਤੀ ਜਾਵੇ ਤਾਂ ਕਿਸਾਨ ਆਪਣੀ ਉਪਜ ਦਾ ਲਾਹੇਵੰਦ ਭਾਅ ਲੈ ਸਕਦੇ ਹਨ।ਉਨਾਂ ਕਿਹਾ ਕਿ ਝੋਨੇ ਕਟਾਈ ਫਸਲ ਦੇ ਪੂਰੀ ਤਰਾਂ ਪੱਕਣ ਤੇ ਹੀ ਕਰੋ ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਅਣਪੱਕੇ ਅਤੇ ਹਰੇ ਦਾਣੇ ਉਪਜ ਦੇ ਮਿਆਰੀਪਣ ਤੇ ਅਸਰ ਪਾਉਂਦੇ ਹਨ ਜਿਸ ਕਾਰਨ ਕਿਸਾਨ ਨੂੰ ਮੰਡੀ ਵਿੱਚ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਟਰਾਲੀਆਂ ਜਾਂ ਹੋਰ ਵਹੀਕਲਾਂ ਦੇ ਪਿੱਛੇ ਰਿਫਲੈਕਟਰ ਜ਼ਰੂਰ ਲਗਾਉ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
ਉਨਾਂ ਕਿਹਾ ਕਿ ਚੰਗਾ ਅਤੇ ਪੂਰਾ ਭਾਅ ਲੈਣ ਲਈ ਉਪਜ ਵਿੱਚ ਨਮੀਂ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਹੀ ਹੋਣੀ ਚਾਹੀਦੀ ਕਿਉਂਕਿ ਨਮੀ ਦੀ ਮਾਤਰਾ ਦੇ ਆਧਾਰ ਤੇ ਹੀ ਉਪਜ ਦਾ ਮੰਡੀਕਰਨ ਹੁੰਦਾ ਹੈ, ਬੇਹਤਰ ਹੋਵੇਗਾ ਜੇਕਰ ਕਿਸਾਨ ਖੜੀ ਫਸਲ ਨੂੰ ਚੰਗੀ ਤਰਾਂ ਪੱਕਣ ਤੇ ਹੀ ਕਟਾਈ ਕਰਕੇ ਘਰੋਂ ਸੁਕਾ ਕੇ ਲਿਆਵੇ ਤਾਂ ਜੋ ਕਿਸਾਨ ਫਸਲ ਵੇਚ ਕੇ ਸਮੇਂ ਸਿਰ ਘਰ ਵਾਪਿਸ ਜਾ ਸਕੇ।
ਉਨਾਂ ਕਿਹਾ ਕਿ ਝੋਨੇ ਦੀਆਂ ਸਾਰੀਆਂ ਕਿਸਮਾਂ ਵਿੱਚ ਨਮੀ ਦੀ ਮਾਤਰਾ 17 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨਾਂ ਕਿਹਾ ਕਿ ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਬਾਅਦ ਅਤੇ ਸ਼ਾਮ 7 ਵਜੇ ਤੋਂ ਪਹਿਲਾਂ ਹੀ ਕਰੋ। ਉਨਾਂ ਕਿਹਾ ਕਿ ਕੰਬਾਈਨ ਮਾਲਿਕਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਆਪਣੀ ਕੰਬਾਈਨ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚਲਾਉਣ।ਉਨਾਂ ਕਿਹਾ ਕਿ ਫਸਲ ਦੀ ਵਿਕਰੀ ਉਪਰੰਤ ਪੱਕੀ ਪਰਚੀ ਭਾਵ “ਜੇ” ਫਾਰਮ ਜ਼ਰੂਰ ਲਉ,ਜੇਕਰ ਆੜਤੀ “ਜੇ”ੇ ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਕਰ ਸਕਦਾ ਹੈ।ਉਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਲ 2022-23 ਦੌਰਾਨ ਝੋਨੇ (ਗਰੇਡ ਏ) ਦਾ ਘੱਟੋ ਘੱਟ ਸਮਰਥਨ ਮੁੱਲ 2060/- ਅਤੇ ਆਮ ਸ਼੍ਰੇਣੀ ਲਈ 2040/- ਰੁਪਏ ਪ੍ਰਤੀ ਕੁਇੰਟਲ ਨਿਸ਼ਚਤ ਕੀਤੀ ਗਈ ਹੈ।

English






