ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ- ਡਿਪਟੀ ਕਮਿਸ਼ਨਰ

ਕਿਸਾਨਾਂ ਅਤੇ ਬੇਰੋਜ਼ਗਾਰ ਨੋਜਵਾਨਾਂ ਨੂੰ ਮੱਛੀ ਪਾਲਣ ਦੇ ਧੰਦੇ ਨਾਲ ਜੁੜ ਕੇ ਇਸ ਸਕੀਮ ਦਾ ਲਾਭ ਉਠਾਉਣ ਦੀ ਕੀਤੀ ਅਪੀਲ
ਤਰਨ ਤਾਰਨ, 24 ਮਾਰਚ :
ਦੇਸ਼ ਭਰ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਨੂੰ ਜਿਲਾ ਤਰਨ ਤਾਰਨ ਵਿੱਚ ਲਾਗੂ ਕਰਨ ਸੰਬੰਧੀ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਜ਼ਿਲਾ ਪੱਧਰੀ ਗਠਿਤ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ. ਐਲ. ਸੀ., ਪੀ. ਐਮ. ਐਸ. ਐਸ. ਵਾਈ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋਂ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਸਕੀਮ ‘ਤੇ ਚਾਣਨਾ ਪਾਉਂਦੇ ਹੋਏ ਦੱਸਿਆ ਗਿਆ ਕਿ ਇਹ ਸਕੀਮ ਪੰਜ ਸਾਲ ਵਾਸਤੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਸਾਝੇਂ ਤੋਰ ਤੇ ਮਿਲ ਕੇ ਚਲਾਈ ਜਾਵੇਗੀ, ਜਿਸ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਵਾਸਤੇ ਸਕੀਮ ਅਧੀਨ ਨਵੇਂ ਮੱਛੀ ਤਲਾਬ ਦੀ ਪੁਟਾਈ/ਪਹਿਲੇ ਸਾਲ ਦੀ ਖਾਦ-ਖੁਰਾਕ ਅਤੇ ਮੱਛੀ ਨੂੰ ਗ੍ਰਾਹਕਾਂ ਤੱਕ ਪਹੁਚਾਉਣ ਲਈ ਮੋਟਰਸਾਈਕਲ/ਸਾਈਕਲ/ਆਟੋ ਤੇ ਜਨਰਲ ਵਰਗ ਨੂੰ ਯੂਨਿਟ ਕਾਸਟ ਦਾ 40% ਅਤੇ ਐਸ.ਸੀ/ਐਸ.ਟੀ/ਔਰਤਾਂ ਨੂੰ 60% ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਜਿਲਾ ਤਰਨਤਾਰਨ ਵਿੱਚ ਸਾਲ 2021-22 ਦੌਰਾਨ ਲਾਗੂ ਕੀਤੇ ਜਾ ਰਹੇ ਐਕਸ਼ਨ ਪਲਾਨ ਤੇ ਚਰਚਾ ਕਰਦੇ ਹੋਏ ਦੱਸਿਆ ਕਿ ਇਸ ਯੋਜਨਾ ਤਹਿਤ 10 ਹੈਕਟੇਅਰ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆ ਕੇ ਉਸ ਉਪਰ 44 ਲੱਖ ਰੁਪਏ, ਇੱਕ ਬਾਇਓਫਲਾਕ ਯੂਨਿਟ ਤੇ 3 ਲੱਖ ਰੁਪਏ, 8 ਮੋਟਰਸਾਈਕਲ ਸਮੇਤ ਆਈਸ ਬਾਕਸ ‘ਤੇ 2 ਲੱਖ 40 ਹਜ਼ਾਰ ਰੁਪਏ, 4 ਸਾਇਕਲ ਸਮੇਤ ਆਈਸ ਬਾਕਸ ‘ਤੇ 16 ਹਜ਼ਾਰ ਰੁਪਏ ਅਤੇ 2 ਆਟੋ ਰਿਕਸ਼ਾ ਸਮੇਤ ਆਈਸ ਬਾਕਸ ‘ਤੇ 2 ਲੱਖ 40 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਉਹਨਾਂ ਨੇ ਵੱਧ ਤੋਂ ਵੱਧ ਕਿਸਾਨਾਂ ਅਤੇ ਬੇਰੋਜ਼ਗਾਰ ਨੋਜਵਾਨਾਂ ਨੂੰ ਮੱਛੀ ਪਾਲਣ ਦੇ ਧੰਦੇ ਨਾਲ ਜੁੜ ਕੇ ਇਸ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ।
ਇਸ ਮੋਕੇ ਤੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ਼੍ਰੀ ਰਾਜ ਕੁਮਾਰ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਸੰਬੰਧੀ ਹਰ ਮਹੀਨੇ ਪੰਜ ਦਿਨਾਂ ਦੀ ਮੁਫਤ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਮੱਛੀ ਪਾਲਣ ਦਾ ਧੰਦਾ ਸਹਾਇਕ ਧੰਦਿਆਂ ਵਿੱਚੋਂ ਇੱਕ ਬਹੁਤ ਹੀ ਵਧੀਆ ਧੰਦਾ ਹੈ, ਜਿਸ ਰਾਹੀਂ ਕਿਸਾਨ ਆਪਣੀ ਆਮਦਨ ਵਿੱਚ ਦੁਗਣਾ ਵਾਧਾ ਕਰ ਸਕਦੇ ਹਨ ਅਤੇ ਬੇਰੋਜ਼ਗਾਰ ਨੋਜਵਾਨ ਵੀ ਇਸ ਨੂੰ ਰੋਜਗਾਰ ਵਜੋਂ ਅਪਨਾ ਸਕਦੇ ਹਨ।
ਇਸ ਮੌਕੇ ਜ਼ਿਲਾ ਪੱਧਰੀ ਕਮੇਟੀ ਦੇ ਮੈਂਬਰਾਂ ਤੋ ਇਲਾਵਾ ਮਹਿੰਦਰਪਾਲ ਸਿੰਘ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਅੰਮ੍ਰਿਤਸਰ, ਬਲਜੀਤ ਸਿੰਘ ਸੀਨੀਅਰ ਮੱਛੀ ਪਾਲਣ ਅਫਸਰ, ਗੁਰਬੀਰ ਸਿੰਘ ਮੱਛੀ ਪ੍ਰਸਾਰ ਅਫਸਰ ਅੰਮ੍ਰਿਤਸਰ, ਮੰਗਤ ਰਾਮ ਸੀਨੀਅਰ ਸਹਾਇਕ ਲੇਖਾ ,ਪ੍ਰਕਾਸ਼ ਚੰਦ ਕਲਰਕ ਅਤੇ ਮੱਛੀ ਪਾਲਕ ਬਲਵੰਤ ਸਿੰਘ ਅਤੇ ਗੁਰਜੀਤ ਸਿੰਘ ਵੀ ਹਾਜ਼ਰ ਸਨ।