ਮੱਛੀ ਪਾਲਣ ਵਿਭਾਗ ਵੱਲੋਂ ਜਾਗਰੂਕਤਾ ਕੈਂਪ ਦਾ ਆਯੋਜਨ

ਫਿਰੋਜ਼ਪੁਰ 16 ਅਕਤੂਬਰ:

ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰ. ਐਚ.ਐਸ. ਬਾਵਾ ਅਤੇ ਡਾ. ਬਲਬੀਰ ਸਿੰਘ ਸਲਾਹਕਾਰ ਮੁੱਖ ਮੰਤਰੀ (ਫਿਸ਼ਰੀਜ਼) ਦੇ ਸਹਿਯੋਗ ਨਾਲ ਸਰਕਟ ਹਾਊਸ ਫਿਰੋਜ਼ਪੁਰ ਵਿਖੇ ਇੱਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ ਨੇ ਕਿਸਾਨਾਂ ਅਤੇ ਲਾਭਪਾਤਰੀਆਂ ਨੂੰ ਆਪਣੇ-ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਬੈਂਕ ਤੋਂ ਆਏ ਲੀਡ ਬੈਂਕ ਮੈਨੇਜਰ ਮੈਡਮ ਗੀਤਾ ਮਹਿਤਾ ਨੇ ਉਚੇਚੇ ਤੌਰ ਤੇ ਆਏ ਹੋਏ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਹੱਲ ਕੀਤੀਆਂ। ਇਸ ਵਿੱਚ ਬਾਗਬਾਨੀ ਵਿਭਾਗ ਤੋਂ ਡਾ. ਸਿਮਰਨਜੀਤ ਸਿੰਘ ਅਤੇ ਡੇਅਰੀ ਵਿਭਾਗ ਤੋਂ ਡਾ. ਕਪਲਮੀਤ ਸਿੰਘ ਸੰਧੂ ਵੱਲੋਂ ਆਪਣੇ-ਆਪਣੇ ਵਿਭਾਗ ਦੀਆਂ ਸਕੀਮਾਂ ਅਤੇ ਬੈਂਕ ਪਾਸੋਂ ਕੇ.ਸੀ.ਸੀ. ਲਿਮਿਟ ਤਿਆਰ ਕਰਨ ਬਾਰੇ ਅਤੇ ਕਰਜ਼ਾ ਆਦਿ ਲੈਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।

ਜੇ.ਐਡ.ਕੇ ਬੈਂਕ ਤੋਂ ਆਏ ਅਧਿਕਾਰੀਆਂ ਵੱਲੋਂ ਵੀ ਪੂਰਾ ਭਰੋਸਾ ਦੁਆਇਆ ਗਿਆ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਅਤੇ ਲੋਕਾਂ ਨੂੰ ਕਰਜ਼ੇ ਅਤੇ ਕੇ.ਸੀ.ਸੀ ਸਬੰਧੀ ਆ ਰਹੀ ਮੁਸ਼ਕਿਲਾਂ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਇਸ ਦੌਰਾਨ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ: ਐਚ.ਐਸ. ਬਾਵਾ ਨੇ ਸ੍ਰੀ ਬਲਬੀਰ ਸਿੰਘ ਸਲਾਹਕਾਰ ਮੁੱਖ ਮੰਤਰੀ (ਫਿਸ਼ਰੀਜ਼)  ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਜਿਹਨਾਂ ਦੇ ਸਹਿਯੋਗ ਨਾਲ ਇਹ ਕੈਂਪ ਲਾਭਪਾਤਰੀਆਂ ਲਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਜਾਣਕਾਰੀ ਭਰਪੂਰ ਰਿਹਾ, ਅਤੇ ਇਹਨਾਂ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਤੇ ਹੱਲ ਕਰ ਦਿੱਤੀਆਂ ਜਾਣਗੀਆਂ।