6 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਵਿਚਾਰਿਆ ਜਾਵੇਗਾ-ਡੀ. ਸੀ
ਨਵਾਂਸ਼ਹਿਰ, 7 ਸਤੰਬਰ 2021 ਭਾਰਤੀ ਬਾਲ ਭਲਾਈ ਕੌਂਸਲ ਨੇ ਸਾਲ 2021 ਲਈ ਵੱਖ-ਵੱਖ ਖੇਤਰਾਂ ਵਿਚ ਬਹਾਦਰੀ ਦਿਖਾਉਣ ਵਾਲੇ ਬੱਚਿਆਂ ਨੂੰ ਕੌਮੀ ਬਹਾਦਰੀ ਪੁਰਸਕਾਰ-2021 ਨਾਲ ਸਨਮਾਨਿਤ ਕਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਹ ਪੁਰਸਕਾਰ ਉਨਾਂ ਬੱਚਿਆਂ ਨੂੰ ਤਕਸੀਮ ਕੀਤੇ ਜਾਣਗੇ, ਜਿਨਾਂ ਨੇ ਖ਼ਤਰੇ ਦੀ ਪਰਵਾਹ ਨਾਲ ਕਰਦਿਆਂ ਸਮਾਜਿਕ ਘਟਨਾਵਾਂ ਦੀ ਰੋਕਥਾਮ ਲਈ ਬਹਾਦਰੀ ਦਿਖਾਈ ਹੋਵੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਬਾਲ ਭਲਾਈ ਕੌਂਸਲ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਹ ਪੁਰਸਕਾਰ ਦੇਣ ਦਾ ਇਕੋ-ਇਕ ਮਕਸਦ ਬਹਾਦਰ ਬੱਚਿਆਂ ਦਾ ਹੌਸਲਾ ਵਧਾਉਣਾ ਅਤੇ ਹੋਰਨਾਂ ਬੱਚਿਆਂ ਨੂੰ ਬਹਾਦਰੀ ਪ੍ਰਤੀ ਉਤਸ਼ਾਹਿਤ ਕਰਨਾ ਹੈ। ਉਨਾਂ ਦੱਸਿਆ ਕਿ 6 ਸਾਲ ਤੋਂ 18 ਸਾਲ ਤੱਕ ਦੀ ਉਮਰ ਦੇ ਉਹ ਬੱਚੇ, ਜਿਨਾਂ ਨੇ 1 ਜੁਲਾਈ 2020 ਤੋਂ 30 ਸਤੰਬਰ 2021 ਦੇ ਅਰਸੇ ਦੌਰਾਨ ਬਹਾਦਰੀ ਦਾ ਪ੍ਰਗਟਾਵਾ ਕੀਤਾ ਹੋਵੇ, ਨੂੰ ਬਹਾਦਰੀ ਪੁਰਸਕਾਰ ਲਈ ਵਿਚਾਰਿਆ ਜਾਵੇਗਾ। ਉਨਾਂ ਕਿਹਾ ਕਿ ਇਸ ਵਿਚ ਬੱਚਿਆਂ ਨੂੰ ਡੁੱਬਣ ਤੋਂ ਬਚਾਉਣਾ, ਜੰਗਲੀ ਜਾਨਵਰਾਂ ਦੇ ਹਮਲੇ ਤੋਂ ਬਚਾਉਣਾ ਆਦਿ ਤੋਂ ਇਲਾਵਾ ਹੋਰਨਾਂ ਖੇਤਰਾਂ ਵਿਚ ਦਿਖਾਈ ਬਹਾਦਰੀ ਵੀ ਸ਼ਾਮਿਲ ਹੈ। ਉਨਾਂ ਦੱਸਿਆ ਕਿ ਸਮਾਜਿਕ ਘਟਨਾਵਾਂ, ਬੁਰਾਈਆਂ ਅਤੇ ਜ਼ੁਰਮ ਰੋਕਣ ਲਈ ਦਿਖਾਈ ਬਹਾਦਰੀ ਦੇ ਕੇਸ ਵੀ ਵਿਚਾਰੇ ਜਾਣਗੇ। ਉਨਾਂ ਕਿਹਾ ਕਿ ਪੁਰਸਕਾਰ ਸਬੰਧੀ ਅਰਜ਼ੀਆਂ 5 ਅਕਤੂਬਰ 2021 ਤੱਕ ਜ਼ਿਲਾ ਰੈੱਡ ਕਰਾਸ ਦਫ਼ਤਰ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਸ਼ਹੀਦ ਭਗਤ ਸਿੰਘ ਲਗਰ ਵਿਖੇ ਜਮਾਂ ਕਰਵਾਈਆਂ ਜਾ ਸਕਦੀਆਂ ਹਨ। ਉਨਾਂ ਦੱਸਿਆ ਕਿ ਇਹ ਅਰਜ਼ੀਆਂ ਨਿਰਧਾਰਤ ਪ੍ਰੋਫਾਰਮੇ ਅਨੁਸਾਰ ਸਮਰੱਥ ਅਥਾਰਟੀ ਵੱਲੋਂ ਲਾਜ਼ਮੀ ਸਿਫ਼ਾਰਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਨਾਮਜ਼ਦ ਚਾਰ ਅਥਾਰਟੀਆਂ ਵਿਚ ਉਸ ਸਕੂਲ ਦਾ ਪਿ੍ਰੰਸੀਪਲ/ਹੈੱਡ ਮਾਸਟਰ, ਜਿਥੇ ਵਿਦਿਆਰਥੀ ਪੜ ਰਿਹਾ ਹੈ ਜਾਂ ਪੰਚਾਇਤ ਮੁਖੀ ਜਾਂ ਜ਼ਿਲਾ ਪ੍ਰੀਸ਼ਦ ਮੁਖੀ, ਸਟੇਟ ਕੌਂਸਲ ਫਾਰ ਚਾਈਲਡ ਵੈਲਫੇਅਰ ਦਾ ਜਨਰਲ ਸਕੱਤਰ ਜਾਂ ਪ੍ਰਧਾਨ, ਡਿਪਟੀ ਕਮਿਸ਼ਨਰ/ਜ਼ਿਲਾ ਮੈਜਿਸਟ੍ਰੇਟ ਜਾਂ ਇਸ ਅਹੁਦੇ ਦੇ ਬਰਾਬਰ ਦਾ ਕੋਈ ਹੋਰ ਅਧਿਕਾਰੀ ਅਤੇ ਸਬੰਧਤ ਖੇਤਰ ਦਾ ਐਸ. ਪੀ (ਸੁਪਰਡੈਂਟ ਆਫ ਪੁਲਿਸ) ਜਾਂ ਹੋਰ ਉੱਚ ਅਹੁਦੇ ਵਾਲੇ ਪੁਲਿਸ ਅਧਿਕਾਰੀ ਸ਼ਾਮਿਲ ਹਨ। ਪੁਰਸਕਾਰ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਸ ਵਿਚ ਨਕਦ ਇਨਾਮ, ਮੈਡਲ ਅਤੇ ਬਹਾਦਰੀ ਸਰਟੀਫਿਕੇਟ ਬੱਚਿਆਂ ਨੂੰ ਤਕਸੀਮ ਕੀਤੇ ਜਾਣਗੇ। ਉਨਾਂ ਦੱਸਿਆ ਕਿ ਜੇਤੂ ਬੱਚਿਆਂ ਨੂੰ ਉਨਾਂ ਦੀ ਸਕੂਲੀ ਸਿੱਖਿਆ ਮੁਕੰਮਲ ਹੋਣ ਤੱਕ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਭਾਰਤੀ ਬਾਲ ਭਲਾਈ ਕੌਂਸਲ ਵੱਲੋਂ ਆਪਣੀਆਂ ਸਕਾਲਰਸ਼ਿਪ ਸਕੀਮਾਂ ਤਹਿਤ ਗੈ੍ਰਜੂਏਟ/ਪੋਸਟ ਗ੍ਰੈਜੂਏਟ ਅਤੇ ਪ੍ਰੋਫੈਸ਼ਨਲ ਕੋਰਸਾਂ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਫੋਟੋ :-ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ।

English






