ਰੂਪਨਗਰ ਵਿੱਚ ਰਾਜ ਪੱਧਰੀ ਰੋਇੰਗ ਮੁਕਾਬਲੇ 19 ਤੋਂ 21 ਅਕਤੂਬਰ ਤੱਕ, ਸਾਰੇ ਪ੍ਰਬੰਧ ਹੋਏ ਮੁਕੰਮਲ

—- ਸਤਲੁੱਜ ਦਰਿਆ ਪਾਣੀ ਦੀਆਂ ਖੇਡਾਂ ਲਈ ਭਾਰਤ ਵਿਚ ਸਭ ਤੋਂ ਬਿਹਤਰੀਨ ਸਥਾਨ- ਜ਼ਿਲ੍ਹਾ ਖੇਡ ਅਫ਼ਸਰ
ਰੂਪਨਗਰ, 18 ਅਕਤੂਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਪ੍ਰਤੀ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਹੁਣ ਖਿਡਾਰੀਆਂ ਦੇ ਰਾਜ ਪੱਧਰੀ ਮੁਕਾਬਲਿਆਂ ਤਹਿਤ 19 ਅਕਤੂਬਰ ਤੋਂ 21 ਅਕਤੂਬਰ ਤੱਕ ਰੂਪਨਗਰ ਵਿਖੇ ਸਤਲੁੱਜ ਦਰਿਆ ਵਿਖੇ ਕਾਰਵਾਈਆਂ ਜਾ ਰਹੀਆਂ ਰਾਜ ਪੱਧਰੀ ਰੋਇੰਗ ਖੇਡਾ ਦੀ ਤਿਆਰੀ ਸਬੰਧੀ ਅੱਜ ਜ਼ਿਲ੍ਹਾ ਖੇਡ ਅਫਸਰ ਰੂਪੇਸ਼ ਕੁਮਾਰ ਬੇਗੜਾ ਨੇ ਇਕ ਵਿਸ਼ੇਸ਼ ਮੀਟਿੰਗ ਕੀਤੀ।
ਇਸ ਬਾਬਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੂਪੇਸ਼ ਕੁਮਾਰ ਬੇਗੜਾ ਦੱਸਿਆ ਕਿ ਸਤਲੁੱਜ ਦਰਿਆ ਪਾਣੀ ਦੀਆਂ ਖੇਡਾਂ ਲਈ ਭਾਰਤ ਦਾ ਸਭ ਤੋਂ ਬਿਹਤਰੀਨ ਸਥਾਨ ਹੈ ਜਿੱਥੇ ਅਭਿਆਸ ਕਰਕੇ ਰਾਸ਼ਟਰੀ ਅਤੇ ਏਸ਼ੀਆ ਪੱਧਰ ਦੇ ਖਿਡਾਰੀ ਬਣੇ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ -2023 ਤਹਿਤ ਰਾਜ ਪੱਧਰੀ ਰੋਇੰਗ ਖੇਡ 19 ਅਕਤੂਬਰ ਤੋਂ 21 ਅਕਤੂਬਰ ਤੱਕ ਕਰਵਾਈਆ ਜਾਣਗੀਆਂ ਜਿਸ ਸਬੰਧ ਹਰ ਪੱਧਰ ਉੱਤੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਇਹ ਖੇਡਾਂ ਸਤਲੁਜ ਦਰਿਆ ਦੇ ਕੰਢੇ ਤੇ ਕਟਲੀ ਵੈਟਲੈਂਡ ‘ਤੇ ਕਰਵਾਈਆਂ ਜਾਣਗੀਆਂ।
ਉਨਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਕਿ ਖ਼ਿਡਾਰੀਆਂ ਦੇ ਰਹਿਣ ਲਈ ਰਿਹਾਇਸ਼ ਦਾ ਪ੍ਰਬੰਧ, ਖਾਣ-ਪੀਣ ਦਾ ਪ੍ਰਬੰਧ, ਸੁਰੱਖਿਆ, ਪੀਣ ਵਾਲੇ ਪਾਣੀ, ਪਖਾਨੇ, ਟਰਾਂਸਪੋਰਟ ਅਤੇ ਹੋਰ ਸਾਰੇ ਹੀ ਲੋੜੀਂਦੇ ਪ੍ਰਬੰਧ ਸਮੇਬਧ ਸੀਮਾ ਵਿਚ ਮੁਕੰਮਲ ਕੀਤੇ ਜਾਣ ਅਤੇ ਇਹਨਾਂ ਸਬੰਧੀ ਕਿਸੇ ਕਿਸਮ ਦੀ ਢਿੱਲ ਨਾ ਕੀਤੀ ਜਾਵੇ।
ਇਸ ਮੌਕੇ ਉਨਾਂ ਖੇਡ ਵਿਭਾਗ ਨੂੰ ਗੋਤਾ ਖੋਰਾਂ ਦੀ ਤਾਇਨਾਤੀ ਕਰਨ ਦੀ ਹਿਦਾਇਤ ਕੀਤੀ ਅਤੇ ਪੁਲਿਸ ਵਿਭਾਗ ਨੂੰ ਟਰੈਫਿਕ ਪ੍ਰਬੰਧ ਨੂੰ ਯਕੀਨੀ ਕਰਨ ਲਈ ਵੀ ਕਿਹਾ।
ਇਸ ਮੌਕੇ ਰੋਇੰਗ ਕੋਚ ਗੁਰਜਿੰਦਰ ਸਿੰਘ, ਜ਼ਿਲ੍ਹਾ ਖੇਡ ਕੋਆਰਡੀਨੇਟਰ ਸਰਨਜੀਤ ਕੌਰ, ਓਵਰਆਲ ਇੰਚਾਰਜ ਭੀਮ ਰਾਓ, ਮੀਡੀਆ ਇੰਚਾਰਜ ਮਨਜਿੰਦਰ ਸਿੰਘ ਚਕਲ, ਅਮਨਦੀਪ ਸਿੰਘ ਕੰਗਰਾਲੀ, ਗੁਰਪ੍ਰੀਤ ਕੌਰ, ਚਰਨਜੀਤ ਸਿੰਘ ਗੋਸਲਾ, ਗੁਰ ਪ੍ਰਤਾਪ ਸਿੰਘ, ਪੰਕਜ ਵਸ਼ਿਸ਼ਟ, ਸ਼ੀਲਾ ਭਗਤ ਬੈਡਮਿੰਟਨ ਕੋਚ, ਕੋਚ ਵੰਦਨਾ ਬਾਹਰੀ, ਪ੍ਰਿਅੰਕਾ ਦੇਵੀ ਕਬੱਡੀ ਕੋਚ, ਸ਼ੇਰ ਸਿੰਘ, ਬਲਜਿੰਦਰ ਸਿੰਘ, ਚਰਨਜੀਤ ਸਿੰਘ ਚਕਲ, ਕਰਨੈਲ ਸਿੰਘ, ਹਰਪ੍ਰੀਤ ਕੌਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।