ਰੈੱਡ ਕਰਾਸ ਨੇ ਦਿਵਿਆਂਗਜਨਾਂ ਲਈ ਲਗਾਇਆ ਮੁਫ਼ਤ ਸਹਾਇਤਾ ਕੈਂਪ

ਮਿਸ਼ਨ ਤੰਦਰੁਸਤ ਪੰਜਾਬ
ਰੈੱਡ ਕਰਾਸ ਵੱਲੋਂ ਕੀਤੇ ਕੰਮ ਸ਼ਲਾਘਾਯੋਗ – ਰਾਜੇਸ਼ ਕੁਮਾਰ ਸ਼ਰਮਾ
ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਨੇ ਲੋੜਵੰਦਾਂ ਨੂੰ ਕੀਤੀ ਉਪਕਰਨਾਂ ਦੀ ਵੰਡ
ਜ਼ਿਲ੍ਹੇ ‘ਚ ਲਗਾਏ ਸੱਤ ਕੈਂਪਾਂ ਦੌਰਾਨ 448 ਲੋੜਵੰਦ ਦਿਵਿਆਂਗਜਨਾਂ ਨੂੰ 65 ਲੱਖ ਦਾ ਸਮਾਨ ਵੰਡਿਆ ਗਿਆ : ਪ੍ਰਿਤਪਾਲ ਸਿੰਘ ਸਿੱਧੂ
ਪਟਿਆਲਾ, 2 ਜੁਲਾਈ 2021
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰੈੱਡ ਕਰਾਸ ਪਟਿਆਲਾ ਵੱਲੋਂ ਅਲਿਮਕੋ ਕਾਨਪੁਰ ਅਤੇ ਇੰਜੀਨੀਅਰਜ਼ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਸੀ.ਐਸ.ਆਰ (ਕਾਰਪੋਰੇਟ ਸ਼ੋਸਲ ਰਿਸਪਾਸੀਬਿਲਟੀ) ਸਕੀਮ ਤਹਿਤ ਲੋੜੀਂਦੇ ਸਹਾਇਤਾ ਉਪਕਰਨ ਉਪਲਬਧ ਕਰਵਾਉਣ ਲਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪਟਿਆਲਾ ਬਲਾਕ ਦੇ 50 ਦੇ ਕਰੀਬ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਲਗਭਗ 9.23 ਲੱਖ ਰੁਪਏ ਦੇ ਸਮਾਨ ਦੀ ਵੰਡ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ।
ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਮੰਤਰੀ ਪੰਜਾਬ ਦੇ ਉਪ ਪ੍ਰਮੁੱਖ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਰੈੱਡ ਕਰਾਸ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਲੋੜਵੰਦਾਂ ਨੂੰ ਅਜਿਹੇ ਸਹਾਇਤਾ ਉਪਕਰਨ ਮੁਹੱਈਆ ਕਰਵਾਉਣੇ ਇਕ ਚੰਗਾ ਕਾਰਜ ਹੈ। ਸ੍ਰੀ ਸ਼ਰਮਾ ਨੇ ਅਜਿਹੀਆਂ ਗਤੀਵਿਧੀਆਂ ਰੈੱਡ ਕਰਾਸ ਪਟਿਆਲਾ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ, ਜੋ ਲੋੜਵੰਦਾਂ ਨੂੰ ਆਤਮ ਨਿਰਭਰ ਬਣਾਉਣ ‘ਚ ਸਹਾਈ ਹੁੰਦੀਆਂ ਹਨ।
ਇਸ ਮੌਕੇ ਉਨ੍ਹਾਂ ਲੋੜਵੰਦ 50 ਵਿਅਕਤੀਆਂ ਨੂੰ ਮੋਟਰਾਈਜ਼ਡ ਟਰਾਈਸਾਈਕਲ, ਵੀਲ ਚੇਅਰ, ਟਰਾਈਸਾਈਕਲ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਦੀਆਂ ਮਸ਼ੀਨਾਂ, ਨੇਤਰਹੀਣ ਵਿਅਕਤੀਆਂ ਨੂੰ ਸਮਾਰਟ ਫੋਨ, ਦਿਵਿਆਂਗ ਬੱਚਿਆਂ ਲਈ ਐਮ.ਆਰ. ਕਿੱਟਾਂ, ਚੱਲਣ ਫਿਰਨ ਤੋਂ ਅਸਮਰਥ ਵਿਅਕਤੀਆਂ ਨੂੰ ਬਸਾਖੀਆ ਅਤੇ ਕੈਲੀਪਰ ਆਦਿ ਦੀ ਵੰਡ ਕੀਤੀ। ਮੁੱਖ ਮਹਿਮਾਨ ਨੇ ਮਰੀਜ਼ਾਂ ਦੀ ਜਾਂਚ ਕਰਨ ਆਏ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਵੀ ਕੀਤਾ ਅਤੇ ਰੈੱਡ ਕਰਾਸ ਪਟਿਆਲਾ ਦੇ ਸਕੱਤਰ ਡਾ. ਪ੍ਰਿਤਪਾਲ ਸਿੰਘ ਸਿੱਧੂ ਰਹਿਨੁਮਾਈ ਹੇਠ ਚੱਲ ਰਹੇ ਜ਼ਿਲ੍ਹਾ ਅੰਗਹੀਣਤਾ ਮੁੜਵਸੇਬਾ ਕੇਂਦਰ ਪਟਿਆਲਾ ਅਤੇ ਰੈੱਡ ਕਰਾਸ ਪਟਿਆਲਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਸਮਾਗਮ ਦੌਰਾਨ ਰੈੱਡ ਕਰਾਸ ਵੱਲੋਂ ਲਗਾਏ ਗਏ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆ ਸਕੱਤਰ ਰੈੱਡ ਕਰਾਸ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਫਰਵਰੀ 2021 ਵਿੱਚ ਰੈੱਡ ਕਰਾਸ ਜ਼ਿਲ੍ਹਾ ਅੰਗਹੀਣਤਾ ਮੁੜਵਸੇਬਾ ਕੇਂਦਰ ਪਟਿਆਲਾ ਅਤੇ ਅਲਿਮਕੋ ਕਾਨਪੁਰ ਵੱਲੋਂ ਜ਼ਿਲ੍ਹੇ ‘ਚ ਸਮਾਣਾ, ਪਾਤੜਾਂ, ਨਾਭਾ, ਘਨੌਰ, ਰਾਜਪੁਰਾ, ਭੁਨਰਹੇੜੀ, ਨਾਭਾ ਅਤੇ ਪਟਿਆਲਾ ਵਿਖੇ ਮੈਡੀਕਲ ਜਾਂਚ ਕੈਂਪ ਲਗਾਏ ਗਏ ਸਨ, ਜਿਸ ‘ਚ ਨਿਰੀਖਣ ਉਪਰੰਤ ਵਿਸ਼ੇਸ਼ ਜ਼ਰੂਰਤਾਂ ਵਾਲੇ 448 ਵਿਅਕਤੀਆਂ ਨੂੰ ਸੂਚੀਬੱਧ ਕੀਤਾ ਗਿਆ ਸੀ, ਜਿਨ੍ਹਾਂ ਨੂੰ ਲਗਭਗ 65 ਲੱਖ ਤੋਂ ਵੱਧ ਦੀ ਕੀਮਤ ਦਾ ਸਮਾਨ ਇੰਜੀਨੀਅਰਜ਼ ਇੰਡੀਆ ਲਿਮਟਿਡ ਵੱਲੋਂ ਸੀ.ਐਸ.ਆਰ ਸਕੀਮ ਤਹਿਤ ਅਤੇ ਭਾਰਤ ਸਰਕਾਰ ਦੀ ਏ.ਡੀ.ਆਈ.ਪੀ ਸਕੀਮ ਤਹਿਤ ਸੱਤ ਕੈਂਪ ਲਗਾਕੇ ਦਿੱਤਾ ਗਿਆ ਹੈ।
ਇਸ ਮੌਕੇ ਉੱਘੇ ਸਮਾਜ ਸੇਵਕ ਵਿਜੇ ਗੋਇਲ, ਹਰਬੰਸ ਬਾਂਸਲ ਮੈਂਬਰ ਰੈੱਡ ਕਰਾਸ ਕਾਰਜਕਾਰਨੀ ਵੱਲੋ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੇ ਅੰਤ ਵਿੱਚ ਰੈੱਡ ਕਰਾਸ ਪਟਿਆਲਾ ਦੇ ਸਕੱਤਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਗਿਆ। ਕੈਂਪ ‘ਚ ਵੱਖ-ਵੱਖ ਵਿਭਾਗਾਂ ਤੋਂ ਇਲਾਵਾ ਇਲਾਕੇ ਦੇ ਸਮਾਜ ਸੇਵੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ।
ਕੈਪਸ਼ਨ : ਮੁੱਖ ਮੰਤਰੀ ਪੰਜਾਬ ਦੇ ਉਪ ਪ੍ਰਮੁੱਖ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ ਲੋੜਵੰਦਾਂ ਨੂੰ ਉਪਕਰਨਾਂ ਦੀ ਵੰਡ ਕਰਦੇ ਹੋਏ।