ਮੁਲਾਜ਼ਮਾਂ ਨੂੰ ਨਸੀਹਤਾਂ ਦੇਣ ਵਾਲੀ ਮੋਤੀਆਂ ਵਾਲੀ ਸਰਕਾਰ ਖ਼ੁਦ ਕੰਮ ‘ਤੇ ਕਦੋਂ ਆਵੇਗੀ-‘ਆਪ'

Aman Arora Aap Punjab

ਮੁਲਾਜ਼ਮਾਂ ਨੂੰ ਲੈ ਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ‘ਤੇ ਵਰ੍ਹੇ ਅਮਨ ਅਰੋੜਾ

ਚੰਡੀਗੜ੍ਹ, 22 ਅਗਸਤ 2020
ਆਮ ਆਦਮੀ ਪਾਰਟੀ (ਆਪ ) ਪੰਜਾਬ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਬਿਆਨਾਂ ਦੀ ਅਸਲੀਅਤ ਦੱਸਦਿਆਂ ਦੋਸ਼ ਲਾਇਆ ਹੈ ਕਿ ਦੋਵਾਂ ਨੂੰ ਸੂਬੇ ਦੇ ਲੋਕਾਂ ਦੇ ਹਿਤਾਂ, ਤਕਲੀਫ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਆਗੂਆਂ ਵੱਲੋਂ ਨਿਗੂਣੀਆਂ ਤਨਖ਼ਾਹਾਂ ਲੈ ਕੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਨਸੀਹਤਾਂ ਦੇਣੀਆਂ ਤਾਂ ਆਸਾਨ ਲੱਗਦੀਆਂ ਹਨ, ਪਰੰਤੂ ਆਪ ਖ਼ੁਦ ਇਸ ‘ਤੇ ਕੋਈ ਅਮਲ ਨਹੀਂ ਕਰ ਰਹੇ ਅਤੇ ਤਰਾਂ ਤਰਾਂ ਦੇ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਦੇ ਮੁਲਾਜ਼ਮ ਆਪਣੇ ਕੰਮਾਂ ‘ਤੇ ਵਾਪਸ ਆ ਜਾਣ। ਇਸ ‘ਤੇ ਬੋਲਦਿਆਂ ਵਿਧਾਇਕ ਅਰੋੜਾ ਨੇ ਕਿਹਾ, ”ਮਾਮੂਲੀ ਜਿਹੀਆਂ ਤਨਖ਼ਾਹਾਂ ਲੈ ਕੇ ਕੰਮ ਕਰਨ ਵਾਲੇ ਮੁਲਾਜ਼ਮ ਤਾਂ ਆਪਣੇ ਕੰਮਾਂ ‘ਤੇ ਵਾਪਸ ਆ ਹੀ ਜਾਣਗੇ, ਪਰੰਤੂ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਤੁਹਾਡੀ ਸਰਕਾਰ ਦਾ ਚਾਰ ਸਾਲ ਦਾ ਸਮਾਂ ਪੂਰਾ ਹੋ ਗਿਆ ਹੈ, ਕਿਰਪਾ ਕਰਕੇ ਤੁਸੀਂ ਆਪਣੇ ਕੰਮ ‘ਤੇ ਵਾਪਸ ਆ ਜਾਓ, ਜਿਸ ਤਰਾਂ ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਲਾ ਕੇ ਤੁਹਾਨੂੰ ਸੂਬੇ ਦੀ ਕਮਾਨ ਸੌਂਪੀ ਹੈ, ਉਸ ਨੂੰ ਦੇਖਦਿਆਂ ਤੁਸੀਂ ਵੀ ਆਪਣੇ ਕੰਮ ‘ਤੇ ਵਾਪਸ ਆ ਕੇ ਹੋਰਨਾਂ ਮੁੱਖ ਮੰਤਰੀਆਂ ਵਾਂਗ ਕੰਮ ਕਰੋ, ਜਿਸ ਦੀ ਲੋਕ ਉਮੀਦ ਕਰਦੇ ਹਨ।”
ਅਮਨ ਅਰੋੜਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਵਿੱਤ ਮੰਤਰੀ ਦਾਅਵਾ ਕਰ ਰਹੇ ਹਨ ਕਿ ਉਹ ਕੋਰੋਨਾ ਸੰਕਟ ਦੀ ਘੜੀ ਅਤੇ ਹੋਰਨਾਂ ਮੁਸ਼ਕਿਲ ਦੇ ਚੱਲਦਿਆਂ ਵੀ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਪੂਰੀਆਂ ਤੇ ਸਮੇਂ ਸਿਰ ਤਨਖ਼ਾਹਾਂ ਦੇ ਰਹੇ ਹਨ।  ਅਰੋੜਾ ਨੇ ਕਿਹਾ ਕਿ ਵਿੱਤ ਮੰਤਰੀ ਸਾਹਿਬ ਨੂੰ ਜਾਂ ਤਾਂ ਇਸ ਦਾ ਇਲਮ ਨਹੀਂ ਅਤੇ ਜਾਂ ਉਹ ਇਸ ਬਾਰੇ ਝੂਠ ਬੋਲ ਰਹੇ ਹਨ। ਅਮਨ ਅਰੋੜਾ ਨੇ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਨਸਪ ਦੇ ਮੁਲਜ਼ਮਾਂ ਦੀਆਂ 25 ਫ਼ੀਸਦੀ ਤਨਖ਼ਾਹਾਂ ਕੱਟਣ ਦੇ ਹੁਕਮ ਦਿੱਤੇ ਗਏ ਹਨ। ਇਸ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਪਸ਼ਟ ਕਰ ਦੇਣ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਜ਼ਿੰਮੇਵਾਰ ਵਿਅਕਤੀ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨ ਅਤੇ ਅਜਿਹਾ ਕਰਕੇ ਪੰਜਾਬ ਦੇ ਲੋਕਾਂ, ਮੁਲਜ਼ਮਾਂ ਨੂੰ ਗੁਮਰਾਹ ਨਾ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਥੋੜ੍ਹਾ ਸਮਾਂ ਬਾਕੀ ਰਹਿ ਗਿਆ ਹੈ, ਸਰਕਾਰ ਲੋਕਾਂ ਤੇ ਸੂਬੇ ਦੇ ਹਿਤਾਂ ਲਈ ਕੰਮ ਕਰਕੇ ਦਿਖਾਵੇ,ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਲੋਕ ਸਰਕਾਰ ਦਾ ਤਖ਼ਤਾ ਪਲਟਣ ਵਿਚ ਦੇਰ ਨਹੀਂ ਕਰਨਗੇ ਤੇ ਸਾਰੀ ਉਮਰ ਲੋਕ ਅਜਿਹੇ ਨੇਤਾਵਾਂ ਨੂੰ ਮੂੰਹ ਨਹੀਂ ਲਾਉਣਗੇ।