ਲੋਕਾਂ ਦੇ ਸਹਿਯੌਗ ਨਾਲ ਕਰੋਨਾ ਕੇਸਾਂ ਵਿਚ ਆਈ ਕਮੀ-ਸੋਨੀ

ਰੇਗਰ ਸਭਾ ਧਰਮਸ਼ਾਲਾ ਨੂੰ 2 ਲੱਖ ਅਤੇ ਭਗਵਾਨ ਵਾਲਮੀਕਿ ਧਰਮਸ਼ਾਲਾ 4.50 ਲੱਖ ਰੁਪਏ ਦਾ ਦਿੱਤਾ ਚੈਕ
ਅੰਮ੍ਰਿਤਸਰ 20 ਮਈ , 2021 : ਕਰੋਨਾ ਦੀ ਦੂਜੀ ਲਹਿਰ ਕਾਫੀ ਤੇਜ਼ੀ ਨਾਲ ਆਪਣੇ ਪੈਰ ਪਸਾਰੇ ਸੀ ਅਤੇ ਜਿਸ ਦਾ ਕਾਫੀ ਮਾੜਾ ਪ੍ਰਭਾਵ ਵੇਖਣ ਨੂੰ ਵੀ ਮਿਲਿਆ ਹੈ, ਸਰਕਾਰ ਵੱਲੋਂ ਲਗਾਏ ਮਿੰਨੀ ਲਾਕਡਾਊਨ ਨੂੰ ਲੋਕਾਂ ਵੱਲੋਂ ਦਿੱਤੇ ਸਹਿਯੋਗ ਨਾਲ ਕਰੋਨਾ ਦੇ ਕੇਸਾਂ ਵਿੱਚ ਵੀ ਕਾਫੀ ਗਿਰਾਵਟ ਆਈ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 50 ਵਿਖੇ ਸਥਿਤ ਰੇਗਰ ਸਭਾ ਧਰਮਸ਼ਾਲਾ ਨਵੀਂ ਗਲੀ ਹਾਲਗੇਟ ਨੂੰ 2 ਲੱਖ ਅਤੇ ਭਗਵਾਨ ਵਾਲਮੀਕਿ ਧਰਮਸ਼ਾਲਾ ਗੁਦਾਮ ਮੁਹੱਲਾ ਨੂੰ 4.50 ਲੱਖ ਰੁਪਏ ਦਾ ਚੈਕ ਦੇਣ ਸਮੇਂ ਕੀਤਾ।
ਸ੍ਰੀ ਸੋਨੀ ਨੇ ਦੱਸਿਆ ਕਿ ਵਾਰਡ ਨੰ: 50 ਵਿਖੇ ਵਿਕਾਸ ਕਾਰਜ ਆਪਣੇ ਅੰਤਿਮ ਪੜਾਅ ਤੇ ਹਨ। ਉਨ੍ਹਾਂ ਦੱਸਿਆ ਕਿ ਰੇਗਰ ਸਭਾ ਨੂੰ ਮੰਦਿਰ ਅਤੇ ਭਗਵਾਨ ਵਾਲਮੀਕਿ ਧਰਮਸ਼ਾਲਾ ਨੂੰ ਚੈਕ ਸੁੰਦਰੀਕਰਨ ਲਈ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਹੋਰ ਲੋੜ ਪਈ ਤਾਂ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ।
ਸ੍ਰੀ ਸੋਨੀ ਨੇ ਕਰੋਨਾ ਮਹਾਂਮਾਰੀ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਲਗਾਏ ਗਏ ਮਿੰਨੀ ਲਾਕਡਾਊਨ ਅਤੇ ਕਰਫਿਊ ਨੂੰ ਲੋਕਾਂ ਦਾ ਭਰਵਾਂ ਸਹਿਯੋਗ ਮਿਲਿਆ ਹੈ ਜਿਸ ਕਰਕੇ ਕਰੋਨਾ ਮਹਾਂਮਾਰੀ ਦੇ ਕੇਸਾਂ ਵਿੱਚ ਕਾਫੀ ਕਮੀ ਦਰਜ ਹੋਈ ਹੈ। ਸ੍ਰੀ ਸੋਨੀ ਨੇ ਜੇਕਰ ਲੋਕ ਇਸੇ ਤਰ੍ਹਾਂ ਸਰਕਾਰ ਦੇ ਸਹਿਯੋਗ ਦੇਣ ਤਾਂ ਇਹ ਮਹਾਂਮਾਰੀ ਜਲਦੀ ਸਮਾਪਤ ਹੋ ਜਾਵੇਗੀ ਅਤੇ ਹਰ ਵਿਅਕਤੀ ਆਪਣਾ ਪਹਿਲਾਂ ਵਾਂਗ ਜੀਵਨ ਬਤੀਤ ਕਰ ਸਕੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸੇ ਤਰ੍ਹਾਂ ਹੀ ਲੋਕ ਮਾਸਕ ਦੀ ਵਰਤੋਂ ਨੂੰ ਯਕੀਨੀ ਬਣਾਈ ਰੱਖਣ ਅਤੇ ਭੀੜਭਾੜ ਵਾਲੀਆਂ ਥਾਂਵਾਂ ਤੋਂ ਗੁਰੇਜ ਕਰਨ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਰਾਜਬੀਰ ਕੋਰ, ਸ੍ਰ ਮਨਜੀਤ ਸਿੰਘ, ਰਿੰਕੂ ਪਹਿਲਵਾਨ, ਸ੍ਰੀ ਅਭੀ ਪਹਿਲਵਾਨ, ਸ੍ਰ ਗਿਆਨ ਸਿੰਘ, ਸ੍ਰੀ ਘਨਈਆ ਕੁਮਾਰ ਵੀ ਹਾਜਰ ਸਨ।