ਲੋੜਵੰਦ ਕੋਰੋਨਾ ਪਾਜੇਟਿਵ ਮਰੀਜ਼ਾਂ ਨੂੰ ਵੰਡੀਆਂ ਗਈਆਂ ਮੁਫ਼ਤ ਫੂਡ ਕਿੱਟਾਂ : ਡਾ. ਗੀਤਾਂਜਲੀ ਸਿੰਘ

ਜਾਡਲਾ (ਨਵਾਂਸ਼ਹਿਰ), 30 ਅਪ੍ਰੈਲ 2021 : ਮਾਣਯੋਗ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸਾਂ ਮੁਤਾਬਕ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ “ਮਿਸ਼ਨ ਫਤਿਹ” ਦੀ ਪ੍ਰਾਪਤੀ ਲਈ ਮੁਹਿੰਮ ਛੇੜੀ ਹੋਈ ਹੈ। ਇਸੇ ਕੜੀ ਤਹਿਤ ਕੋਵਿਡ-19 ਮਰੀਜ਼ਾਂ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਨੇ ਜਾਡਲਾ ਤੋਂ ਘਰ ਵਿੱਚ ਇਕਾਂਤਵਾਸ ਲੋੜਵੰਦ ਕੋਵਿਡ-19 ਦੇ ਮਰੀਜ਼ਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਵੀ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਨ੍ਹਾਂ ਕਿੱਟਾਂ ਵਿਚ 10 ਕਿਲੋਗ੍ਰਾਮ ਆਟਾ, 2 ਕਿਲੋਗ੍ਰਾਮ ਕਾਲੇ ਛੋਲੇ ਅਤੇ 2 ਕਿਲੋਗ੍ਰਾਮ ਖੰਡ ਸ਼ਾਮਲ ਹੈ।
ਪ੍ਰਾਇਮਰੀ ਸਿਹਤ ਕੇਂਦਰ ਮੁਜੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਨੇ ਦੱਸਿਆ ਕਿ ਅੱਜ ਜਾਡਲਾ ਵਿੱਚ ਕੋਰੋਨਾ ਮਰੀਜ਼ਾਂ ਨੂੰ ਫੂਡ ਕਿੱਟਾਂ ਦੇਣ ਸਮੇਤ ਪੂਰੇ ਬਲਾਕ ਦੇ ਸ਼ਹਿਰੀ ਅਤੇ ਵੱਖ-ਵੱਖ ਪੇਂਡੂ ਖੇਤਰਾਂ ਵਿੱਚ 28 ਫੂਡ ਕਿੱਟਾਂ ਵੰਡੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਘਰ ਵਿੱਚ ਇਕਾਂਤਵਾਸ ਦੌਰਾਨ ਲੋੜਵੰਦ ਲੋਕਾਂ ਦੀਆਂ ਖਾਣ ਪੀਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਸੰਕਟ ਦੇ ਸਮੇਂ ਭੋਜਨ ਲਈ ਪ੍ਰੇਸ਼ਾਨ ਨਾ ਹੋਣਾ ਪਵੇ ।
ਡਾ. ਸਿੰਘ ਨੇ ਅੱਗੇ ਦੱਸਿਆ ਕਿ ਇਹ ਭੋਜਨ ਪੈਕਟ ਰੋਜ਼ਾਨਾ ਉਨ੍ਹਾਂ ਲੋੜਵੰਦ ਦਿਹਾੜੀਦਾਰ ਮਜ਼ਦੂਰਾਂ ਨੂੰ ਵੰਡੇ ਜਾ ਰਹੇ ਹਨ, ਜੋ ਕੋਵਿਡ ਟੈਸਟ ਪਾਜ਼ੀਟਿਵ ਆਉਣ ਉਪਰੰਤ ਘਰ ਵਿੱਚ ਇਕਾਂਤਵਾਸ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਮੁੱਖ ਉਦੇਸ਼ ਗਰੀਬ ਲੋਕਾਂ ਖ਼ਾਸਕਰ ਦਿਹਾੜੀਦਾਰ ਮਜ਼ਦੂਰਾਂ ਲਈ ਇਕਾਂਤਵਾਸ ਦੌਰਾਨ ਰੋਜ਼ਾਨਾ ਭੋਜਨ ਨੂੰ ਯਕੀਨੀ ਬਣਾਉਣਾ ਹੈ ।
ਸੀਨੀਅਰ ਮੈਡੀਕਲ ਅਫ਼ਸਰ ਨੇ ਇਹ ਵੀ ਦੱਸਿਆ ਕਿ ਪਹਿਲਾਂ ਹੀ ਪੋਜ਼ੀਟਿਵ ਆਏ ਵਿਅਕਤੀਆਂ ਨੂੰ ਮਿਸ਼ਨ ਫਤਹਿ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ ਤਾਂ ਜੋ ਉਹ ਇਲਾਜ ਦੌਰਾਨ ਆਪਣੀ ਸਿਹਤ ਦਾ ਧਿਆਨ ਰੱਖ ਸਕਣ। ਹੁਣ ਜ਼ਿਲ੍ਹੇ ਵਿਚ ਫਤਹਿ ਕਿੱਟਾਂ ਦੇ ਨਾਲ ਫੂਡ ਕਿੱਟਾਂ ਵੀ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਲੋੜਵੰਦਾਂ ਨੂੰ ਹੀ ਅਜਿਹੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਉਂਦਿਆਂ ਕੋਰੋਨਾ ਖਿਲਾਫ ਜੰਗ ਫ਼ਤਿਹ ਕਰਨ ਵਿੱਚ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਉਨ੍ਹਾਂ ਇਹ ਵੀ ਕਿਹਾ ਕਿ ਜ਼ਰੂਰੀ ਕੰਮ ਪੈਣ ‘ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰਖਿਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ।