- ਪ੍ਰਭਾਵਿਤ ਇਲਾਕਿਆਂ ‘ਚ ਨਿਰੰਤਰ ਫੌਗਿੰਗ ਕਰਨ ਦੇ ਦਿੱਤੇ ਆਦੇਸ਼
- ਪੇਂਡੂ ਇਲਾਕਿਆਂ ‘ਚ ਵੀ ਸ਼ਹਿਰੀ ਇਲਾਕਿਆਂ ਦੀ ਤਰ੍ਹਾਂ ਉਲੰਘਣਾ ਕਰਨ ਵਾਲਿਆਂ ਦੇ ਹੋਣਗੇ ਚਲਾਣ
ਰੂਪਨਗਰ, 13 ਅਕਤੂਬਰ:
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਜਾ ਸਿਆਲ ਗਰੇਵਾਲ ਨੇ ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਦਿਹਾਤੀ ਇਲਾਕਿਆਂ ਵਿਚ ਡੇਂਗੂ ਦੇ ਮਾਮਲੇ ਵੱਧਣ ਦਾ ਨੋਟਿਸ ਲੈਂਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਨਿਰੰਤਰ ਫੌਗਿੰਗ ਕਰਨ ਦੇ ਆਦੇਸ਼ ਦਿੱਤੇ।
ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਚ ਮੀਟਿੰਗ ਦੀ ਅਗਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਜਿਲ੍ਹਾ ਰੂਪਨਗਰ ਵਿੱਚੋਂ 205 ਕੇਸ ਡੇਂਗੂ ਦੇ ਰਿਪੋਰਟ ਹੋਏ ਹਨ ਜੋ ਕਿ ਪਿਛਲੇ ਸਾਲ ਤੋਂ ਘੱਟ ਹਨ, ਜਿਨ੍ਹਾਂ ਵਿੱਚ 50 ਸ਼ਹਿਰੀ ਇਲਾਕੇ ਤੋ ਅਤੇ 155 ਪੇਡੂ ਇਲਾਕਿਆਂ ਤੋਂ ਆਏ ਹਨ। ਜਿਸ ਲਈ ਇਹ ਲਾਜ਼ਮੀ ਹੈ ਕਿ ਪ੍ਰਭਾਵਿਤ ਇਲਾਕਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਮੱਛਰਾਂ ਦੀ ਪੈਦਾਵਰ ਨੂੰ ਰੋਕਣ ਲਈ ਤਕਨੀਕੀ ਢੰਗ ਨਾਲ ਫੌਗਿੰਗ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਬਲਾਕ ਭਰਤਗੜ੍ਹ ਤੋਂ 100 ਕੇਸ , ਚਮਕੌਰ ਸਾਹਿਬ ਤੋ 38, ਕੀਰਤਪੁਰ ਸਾਹਿਬ ਤੋਂ 10 ਅਤੇ ਨੂਰਪੁਰ ਬੇਦੀ ਤੋਂ 7 ਕੇਸ ਰਿਪੋਰਟ ਹੋਏ ਹਨ। ਰੂਪਨਗਰ ਸ਼ਹਿਰ ਤੋਂ 30 ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ 20 ਕੇਸ ਰਿਪੋਰਟ ਹੋਏ ਹਨ। ਜਿਲ੍ਹੇ ਵਿੱਚ ਚੀਕਨਗੂਨੀਆਂ ਦੇ 64 ਕੇਸ ਰਿਪੋਰਟ ਹੋਏ ਹਨ, ਜਿਸ ਵਿੱਚ ਜਿਆਦਾਤਰ ਕੇਸ ਸ਼ਹਿਰੀ ਇਲਾਕਿਆਂ ਵਿੱਚੋਂ ਰਿਪੋਰਟ ਹੋਏ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਭਾਵੇ ਸ਼ਹਿਰੀ ਇਲਾਕਿਆਂ ਵਿਚ ਡੇਂਗੂ ਦੇ ਮਾਮਲੇ ਘੱਟ ਦਰਜ ਕੀਤੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਫੌਗਿੰਗ ਕਰਨ ਵਿਚ ਕੋਈ ਕਮੀ ਨਾ ਛੱਡੀ ਜਾਵੇ ਅਤੇ ਨਗਰ ਕੌਂਸਲ ਵਲੋਂ ਵਹੀਕਲ ਮਾਉਂਟਡ ਅਤੇ ਹੈਂਡ ਹੈਲਡ ਫੌਗਿੰਗ ਮਸ਼ੀਨਾਂ ਦੀ ਹੋਰ ਖਰੀਦ ਕੀਤੀ ਜਾਵੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਈ.ਓਜ਼ ਆਪਣੇ ਪਾਣੀ ਦੇ ਸਰੋਤਾਂ ਦੀ ਟੈਸਟਿੰਗ ਕਰਵਾਉਣਾ ਯਕੀਨੀ ਕਰਨਗੇ ਅਤੇ ਉਸ ਦੀ ਰਿਪੋਰਟ ਪੇਸ਼ ਕਰਨਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਹਾਤੀ ਇਲਾਕਿਆਂ ਵਿਚ ਸਰਵੇਖਣ ਕਰਨ ਉਪਰੰਤ ਜਿੰਨਾਂ ਘਰਾਂ ਜਾਂ ਹੋਰ ਥਾਵਾਂ ਉਤੇ ਮੱਛਰਾਂ ਦਾ ਲਾਰਵਾ ਪਾਇਆ ਜਾਂਦਾ ਹੈ ਤਾਂ ਸ਼ਹਿਰਾਂ ਦੀ ਤਰ੍ਹਾਂ, ਪਿੰਡਾਂ ਵਿਚ ਵੀ ਸਫਾਈ ਨਾ ਰੱਖਣ ਵਾਲਿਆਂ ਦਾ ਚਲਾਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਕੇਵਲ ਜਾਗਰੂਕ ਹੋ ਕੇ ਅਤੇ ਆਪਣੇ ਘਰਾਂ ਵਿਚ ਸਾਫ ਪਾਣੀ ਨੂੰ ਸਟੋਰ ਕਰਨ ਵਾਲੀਆਂ ਥਾਵਾਂ ਨੂੰ ਹਰ ਸ਼ੁੱਕਰਵਾਰ ਖਾਲੀ ਕਰਕੇ ਸਾਫ ਕੀਤਾ ਜਾਵੇ ਤਾਂ ਹੀ ਡੇਂਗੂ ਦੀ ਮਾਰ ਤੋਂ ਬੱਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਘਰਾਂ ਵਿਚ ਫਰਿਜਾਂ ਦੀ ਟਰੇਆਂ, ਏ.ਸੀ. ਅਤੇ ਪਲਾਸਟਿਕ ਦੇ ਡੱਬੇ ਆਦਿ ਜੋ ਬਾਹਰ ਪਏ ਰਹਿੰਦੇ ਹਨ ਉਨ੍ਹਾਂ ਵਿਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ ਅਤੇ ਨਾ ਹੀ ਖੁੱਲ੍ਹੇ ਵਿਚ ਰੱਖਿਆ ਜਾਵੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਕੇ ਹੀ ਅਸੀਂ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਡੇਂਗੂ ਤੋਂ ਬਚਾ ਸਕਦੇ ਹਾਂ।
ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਵਿਭਾਗ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਸਿਹਤ ਵਿਭਾਗ ਦੀਆਂ ਟੀਮਾਂ ਖੜ੍ਹੇ ਪਾਣੀ ਦੇ ਸਰੋਤਾਂ ਵਿੱਚ ਲਾਰਵੇ ਦੇ ਖਾਤਮੇ ਲਈ ਚੌਕਸ ਹਨ ਅਤੇ ਲੋਕਾਂ ਦੀ ਸਿਹਤ ਨੂੰ ਪ੍ਰਮੁੱਖਤਾ ਦਿੰਦੇ ਹੋਏ ਲਾਰਵੀਸਾਈਡ ਸਪਰੇਅ ਅਤੇ ਫੌਗਿੰਗ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਲੋਕਾਂ ਨੂੰ ਡੇਂਗੂ, ਮਲੇਰੀਆ, ਟਾਈਫਾਈਡ ਅਤੇ ਪੀਲੀਆ ਆਦਿ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਐਪਾਡਮੋਲਿਜਿਸਟ ਡਾ. ਪ੍ਰਭਲੀਨ ਕੌਰ ਨੇ ਦੱਸਿਆ ਕਿ ਘਰਾਂ ਵਿੱਚ ਪਏ ਟੁਟੇ ਫੁੱਟੇ ਬਰਤਨਾਂ ਵਿੱਚ ਪਾਣੀ ਇੱਕਠਾ ਅਤੇ ਹਵਾ ਵਿੱਚ ਨਮੀ ਹੋਣ ਕਾਰਣ ਮੱਛਰਾਂ ਦੀ ਪੈਦਾਇਸ਼ ਲਈ ਅਨੁਕੂਲ ਵਾਤਾਵਰਨ ਹੋਣ ਕਾਰਣ ਮੱਛਰਾਂ ਦੀ ਪੈਦਾਇਸ਼ ਦਾ ਵਧਣਾ ਲਾਜਮੀ ਹੈ। ਜਿਸ ਲਈ ਮਾਨਸੂਨ ਦੌਰਾਨ ਕੇਵਲ ਜਾਗਰੂਕਤਾ ਨਾਲ ਡੇਂਗੂ ਤੋਂ ਬਚਿਆ ਜਾ ਸਕਦਾ ਹੈ ਅਤੇ ਜਿਥੇ ਵੀ ਪਾਣੀ ਖੜ੍ਹਦਾ ਹੈ ਉਸ ਜਗ੍ਹਾ ਸਪਰੇਅ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਮੁੱਖ ਮੰਤਰੀ ਫੀਲਡ ਅਫ਼ਸਰ ਅਨਮਜੋਤ ਕੌਰ, ਐਸ.ਡੀ.ਐਮ ਰੂਪਨਗਰ ਹਰਬੰਸ ਸਿੰਘ, ਐਸ.ਡੀ.ਐਮ ਸ਼੍ਰੀ ਅਨੰਦਪੁਰ ਸਾਹਿਬ ਮਨਦੀਪ ਸਿੰਘ ਢਿੱਲੋ, ਡੀ.ਐਸ.ਪੀ ਮਨਵੀਰ ਸਿੰਘ ਬਾਜਵਾ, ਡਾ. ਗੋਬਿੰਦ ਟੰਡਨ, ਡਾ. ਨਰੇਸ਼, ਡਾ. ਅਨੰਦ ਘਈ, ਡਾ. ਸੋਨਾਲੀ, ਬੀ.ਡੀ.ਪੀ.ਓ ਮੋਰਿੰਡਾ ਹਰਿੰਦਰ ਕੌਰ, ਬੀ.ਡੀ.ਪੀ.ਓ ਸ਼੍ਰੀ ਚਮਕੌਰ ਸਾਹਿਬ ਹਰਕੀਤ ਸਿੰਘ, ਬੀ.ਡੀ.ਓ.ਪੀ. ਨੂਰਪੁਰ ਬੇਦੀ ਦਰਸ਼ਨ ਸਿੰਘ, ਬੀ.ਡੀ.ਪੀ.ਓ ਰੂਪਨਗਰ ਸ਼ਮਰੀਤਾ, ਬੀ.ਡੀ.ਪੀ.ਓ ਸ਼੍ਰੀ ਅਨੰਦਪੁਰ ਸਾਹਿਬ ਇਸ਼ਾਨ ਚੌਧਰੀ ਅਤੇ ਸਿਹਤ ਵਿਭਾਗ ਅਤੇ ਹੋਰ ਸੰਬਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

English






