ਕੋਵਿਡ ਕੇਸਾਂ ਦੀ ਰਿਕਵਰੀ ਦੌਰਾਨ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਕੀਤੀ ਅਪੀਲ
ਨਵਾਂਸ਼ਹਿਰ, 27 ਅਪ੍ਰੈਲ :
ਵਿਧਾਇਕ ਅੰਗਦ ਸਿੰਘ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਕੋਵਿਡ ਕੇਸਾਂ ਦੀ ਰਿਕਵਰੀ ਦੌਰਾਨ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਦੂਰ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਅੱਜ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿਚ ਉਨਾਂ ਕਿਹਾ ਕਿ ਵਿਸ਼ਵ ਵਿਆਪੀ ਕੋਵਿਡ ਮਹਾਮਾਰੀ ਦੀ ਦੂਜੀ ਖ਼ਤਰਨਾਕ ਲਹਿਰ ਦੇ ਚੱਲਦਿਆਂ ਨਾ ਕੇਵਲ ਜ਼ਿਲਾ ਹਸਪਤਾਲ ਨਵਾਂਸ਼ਹਿਰ ਬਲਕਿ ਨਿੱਜੀ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਵੀ ਸਥਿਤੀ ਕਾਫੀ ਖ਼ਰਾਬ ਹੋ ਰਹੀ ਹੈ। ਉਨਾਂ ਕਿਹਾ ਕਿ ਇਸ ਸਬੰਧੀ ਦਵਾਈਆਂ, ਆਧੁਨਿਕ ਵੈਂਟੀਲੇਸ਼ਨ ਅਤੇ ਆਕਸੀਜਨ ਦੀ ਕਿੱਲਤ ਪੇਸ਼ ਆ ਰਹੀ ਹੈ, ਜਿਸ ਵਿਚ ਅਤਿ ਜ਼ਰੂਰੀ ਇੰਜੈਕਸ਼ਨ ਰੇਮਡੇਸੀਵਿਰ 100 ਐਮ. ਜੀ, ਸੋਲੂਮੈਡਰੋਲ 40 ਐਮ. ਜੀ ਅਤੇ ਸੋਲੂਮੈਡਰੋਲ 125 ਐਮ. ਜੀ ਵੀ ਸ਼ਾਮਲ ਹਨ। ਉਨਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਜਨਤਾ ਦੇ ਹਿੱਤ ਨੂੰ ਮੁੱਖ ਰੱਖਦਿਆਂ ਇਲਾਜ ਸਬੰਧੀ ਲੋੜੀਂਦੀਆਂ ਚੀਜ਼ਾਂ ਜਲਦ ਤੋਂ ਜਲਦ ਉਪਲਬੱਧ ਕਰਵਾਈਆਂ ਜਾਣ, ਤਾਂ ਜੋ ਕਿਸੇ ਦਾ ਵੀ ਇਲਾਜ ਪੱਖੋਂ ਕੋਈ ਨੁਕਸਾਨ ਨਾ ਹੋ ਸਕੇ ਅਤੇ ਭਵਿੱਖ ਵਿਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

English






