ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਵਿਕਾਸ ਕਾਰਜਾਂ ਦੇ ਕੰਮ ਨਿਰੰਤਰ ਜਾਰੀ-ਵਿਧਾਇਕ ਡਾ. ਚਰਨਜੀਤ ਸਿੰਘ 

— ਮੋਰਿੰਡਾ-ਰੋਪੜ ਸੜਕ ਉਤੇ ਪੈਂਦੀ ਐਸ.ਵਾਈ.ਐਲ. ਨਹਿਰ ਉੱਤੇ ਬਣਾਏ ਗਏ ਨਵ ਨਿਰਮਾਣ ਪੁੱਲ ਦਾ ਕੀਤਾ ਉਦਘਾਟਨ
ਸ੍ਰੀ ਚਮਕੌਰ ਸਾਹਿਬ, 18 ਅਕਤੂਬਰ:
ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਵਿਕਾਸ ਕਾਰਜਾਂ ਦੇ ਕੰਮ ਨਿਰੰਤਰ ਜਾਰੀ ਹਨ। ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਹਰ ਇੱਕ ਸਹੂਲਤ ਦੇਣ ਲਈ ਬੁਨਿਆਦੀ ਢਾਂਚੇ ਨੂੰ ਅਪਗਰੇਡ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਵਿਕਾਸ ਦਾ ਲਾਭ ਮਿਲ ਸਕੇ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਮੋਰਿੰਡਾ-ਰੋਪੜ ਸੜਕ ਉਤੇ ਪੈਂਦੀ ਐਸ.ਵਾਈ.ਐਲ. ਨਹਿਰ ਉੱਤੇ ਬਣਾਏ ਗਏ ਨਵ ਨਿਰਮਾਣ ਪੁੱਲ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਗੱਲਬਾਤ ਕਰਦਿਆ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਦੀ ਹਰ ਸਮੱਸਿਆ ਨੂੰ ਨੇਪਰੇ ਚਾੜਨ ਲਈ ਵਚਨਬੱਧ ਹੈ ਇਸੇ ਮੰਤਵ ਤਹਿਤ ਹਲਕਾ ਨਿਵਾਸੀਆਂ ਦੀ ਬੜੇ ਲੰਮੇ ਸਮੇਂ ਤੋਂ ਮੰਗ ਦੀ ਸੁਣਵਾਈ ਕਰਦਿਆਂ ਇਸ ਪੁੱਲ ਦੀ ਮੰਗ ਨੂੰ ਪੂਰਾ ਕੀਤਾ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਰਿੰਡਾ-ਰੋਪੜ ਸੜਕ ਉਤੇ ਪੈਂਦੀ ਐਸ.ਵਾਈ.ਐਲ. ਨਹਿਰ ਤੇ 49.3 ਮੀਟਰ ਲੰਬੇ ਨਵ ਨਿਰਮਾਣ ਕੀਤੇ ਗਏ ਪੁੱਲ ਉਤੇ ਤਕਰੀਬਨ 4 ਕਰੋੜ ਰੁਪਏ ਦਾ ਖਰਚਾ ਆਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਪੁੱਲ 42 ਫੁੱਟ ਚੌੜਾ ਹੈ ਜਿਸ ਵਿੱਚ 34.5 ਫੁੱਟ ਚੌੜੀ ਸੜਕ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਦੋਨੋਂ ਪਾਸੇ 2.5 ਫੁੱਟ ਚੌੜਾ ਪੈਦਲ ਰਸਤਾ ਹੈ ਅਤੇ 1.5 ਫੁੱਟ ਚੌੜਾ ਕੰਕਰੀਟ ਪੈਰਾਪਿਟ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੁੱਲ ਦੇ ਇੱਕ ਪਾਸੇ 360 ਮੀਟਰ ਲੰਬੀ ਅਪਰੋਚ ਨੂੰ ਦੁਬਾਰਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪੁੱਲ ਵਿੱਚ 3 ਪੀਅਰ ਹਨ ਅਤੇ 2 ਅਬਟਮੈਂਟ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੁੱਲ ਦੇ ਕੁੱਲ 4 ਸਪੈਨ ਹਨ ਜਿਨ੍ਹਾਂ ਵਿੱਚ ਦੋ ਸਪੈਨ 11.20 ਮੀਟਰ ਲੰਬੇ ਹਨ ਅਤੇ 2 ਸਪੈਨ 13.20 ਮੀਟਰ ਲੰਬੇ ਹਨ।
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਐਸ.ਵਾਈ.ਐਲ. ਨਹਿਰ ਤੇ ਪਹਿਲਾਂ ਬਣਿਆ ਪੁੱਲ ਨਾਲ ਲੱਗਦੇ ਭਾਖੜਾ ਮੇਨ ਲਾਇਨ ਕੈਨਾਲ ਤੇ ਉਸਾਰੇ ਗਏ ਪੁੱਲ ਤੋਂ ਘੱਟ ਚੌੜਾ ਅਤੇ ਨੀਵਾਂ ਸੀ ਜਿਸ ਕਰਕੇ ਐਕਸੀਡੈਂਟ ਹੋਣ ਦਾ ਅਦੇਸਾ ਬਣਿਆ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚਲ ਰਹੀ ਇਸ ਮੰਗ ਨੂੰ ਦੇਖਦਿਆਂ ਹੋਇਆਂ ਇਸ ਪੁੱਲ ਦਾ ਨਿਰਮਾਣ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁੱਲ ਦੇ ਨਿਰਮਾਣ ਦੌਰਾਨ ਵਰਤੋਂ ਵਿੱਚ ਆਈ ਮੋਰਿੰਡਾ-ਰੋਪੜ ਰੋਡ ਤੋਂ ਪਥਰੜੀ ਜੱਟਾਂ ਸੜਕ ਦੀ ਰਿਪੇਅਰ ਅਤੇ ਪਰੀਮਿਕਸ ਕਾਰਪੈਂਟ ਦਾ ਕੰਮ ਹਲੇ ਬਾਕੀ ਹੈ ਜੋ ਕਿ 15 ਨਵੰਬਰ ਤੋਂ ਪਹਿਲਾਂ ਪਹਿਲਾਂ ਪੂਰਾ ਕਰ ਦਿੱਤਾ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਐਕਸੀਅਨ ਪੀ.ਡਬਲਿਉ.ਡੀ. ਐਸ ਐਸ ਭੁੱਲਰ, ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ ਸ਼੍ਰੀ ਐਨ ਪੀ ਰਾਣਾ, ਬਲਾਕ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਮਾਰ ਰਾਣਾ, ਬਲਾਕ ਪ੍ਰਧਾਨ ਸ. ਬਲਵਿੰਦਰ ਸਿੰਘ, ਪਾਲ ਸਿੰਘ, ਲਖਵਿੰਦਰ ਸਿੰਘ ਕਾਕਾ, ਗੁਰਮੇਲ ਸਿੰਘ, ਮਨਜੀਤ ਸਿੰਘ ਬਹਿਰਾਮਪੁਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।