ਵਿਭਾਗ ਵੱਲੋਂ ਕਣਕ ਬੀਜਣ ਉਪਰੰਤ ਆਡਾਂ ਪਾ ਲੈਣ ਵਾਲੇ ਕਿਸਾਨਾਂ ਨੂੰ ਪਹਿਲ ਦੇ ਆਧਾਰ ‘ਤੇ ਦਿੱਤੇ ਜਾ ਰਹੇ ਹਨ ਨਾਸ਼ਪਾਤੀ ਦੇ ਪੌਦੇ-ਡਿਪਟੀ ਡਾਇਰੈਕਟਰ ਬਾਗ਼ਵਾਨੀ

ਨਾਸ਼ਪਾਤੀ ਦਾ ਬਾਗ ਲਗਾਉਣ ਦੇ ਚਾਹਵਾਨ ਕਿਸਾਨਾਂ ਨੂੰ ਕਣਕ ਵਾਲੇ ਖੇਤਾਂ ਵਿੱਚ ਵੱਟਾਂ ਦੀ ਥਾਂ ਆਡਾਂ ਪਾ ਲੈਣ ਦੀ ਕੀਤੀ ਅਪੀਲ
ਤਰਨ ਤਾਰਨ, 25 ਨਵੰਬਰ :
ਤਰਨ ਤਾਰਨ ਜਿਲ੍ਹਾ ਨਾਸ਼ਪਾਤੀ ਦੇ ਬਾਗ਼ਾਂ ਲਈ ਬਹੁਤ ਢੁਕਵਾਂ ਹੋਣ ਕਾਰਣ ਇਸ ਕਿਸਮ ਦੇ ਬਾਗ਼ ਲਗਵਾਏ ਜਾ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗ਼ਵਾਨੀ ਸ੍ਰੀ ਹਰਭਜਨ ਸਿੰਘ ਨੇ ਦੱਸਿਆ ਕਿ ਹੁਣ ਕਣਕ ਦੀ ਬੀਜਾਈ ਹੋ ਰਹੀ ਹੈ ਤੇ ਬਹੁਤ ਕਿਸਾਨਾਂ ਵੱਲੋਂ ਨਾਸ਼ਪਾਤੀ ਦੇ ਬਾਗ ਕਣਕ ਦੇ ਖੇਤਾਂ ਵਿੱਚ ਲਗਵਾਉਣੇ ਹਨ।
ਉਹਨਾਂ ਕਿਹਾ ਕਿ ਕਣਕ ਨੂੰ ਜਦੋਂ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿੱਚ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਸਖਤ ਗਰਮੀ ਅਤੇ ਪਾਣੀ ਦੀ ਘਾਟ ਕਾਰਨ ਬਹੁਤੇ ਬੂਟੇ ਮਰ ਜਾਂਦੇ ਹਨ, ਜਿਸ ਕਰਕੇ ਬਾਗ਼ ਵਿਕਸਤ ਨਹੀਂ ਹੁੰਦੇ ਤੇ ਫਿਰ ਅਗਲੇ ਸਾਲ ਜਨਵਰੀ ‘ਤੇ ਗੱਲ ਜਾ ਪੈਂਦੀ ਹੈ ਕਿਉਂਕਿ ਨਾਸ਼ਪਾਤੀ ਦੇ ਬਾਗ਼ ਕੇਵਲ ਹਰ ਸਾਲ ਜਨਵਰੀ/ਫਰਵਰੀ ਮਹੀਨੇ ਵਿੱਚ ਹੀ ਲੱਗਦੇ ਹਨ।
ਉਹਨਾਂ ਕਿਹਾ ਕਿ ਜਨਵਰੀ 2021 ਦੌਰਾਨ ਬਾਗ਼ ਲਗਾਉਣ ਵਾਲੇ ਕਿਸਾਨਾਂ ਨੂੰ ਤਾਕੀਦ ਕੀਤੀ ਜਾਂਦੀ ਹੈ, ਜੋ ਬਾਗ਼ ਕਣਕ ਵਾਲੇ ਖੇਤਾਂ ਵਿੱਚ ਲੱਗਣੇ ਹਨ, ਉਹਨਾਂ ਵਿੱਚ ਕਿਆਰੇ ਨਾ ਪਾਏ ਜਾਣ ਅਤੇ ਜਿਸ ਤਰਾਂ੍ਹ ਬੂਟਿਆਂ ਦੀ ਲਾਈਨ ਆਉਣੀ ਹੈ, ਬਾਗ਼ਬਾਨੀ ਵਿਭਾਗ ਤੋਂ ਨਿਸ਼ਾਨਦੇਹੀ ਕਰਵਾ ਕੇ ਉੱਥੇ ਆਡਾਂ ਪਾ ਲਈਆਂ ਜਾਣ।ਇਹ ਆਡਾਂ ਕਿਆਰਿਆ ਦਾ ਵੀ ਕੰਮ ਕਰਨਗੀਆਂ ਤੇ ਮਾਰਚ/ਅਪ੍ਰੈਲ ਵਿੱਚ ਇਹਨਾਂ ਆਡਾਂ ਰਾਹੀਂ ਬੂਟਿਆਂ ਨੂੰ ਪਾਣੀ ਦੇ ਕੇ ਮਰਨ ਤੋਂ ਬਚਾਇਆ ਜਾ ਸਕਦਾ ਹੈ।
ਬਾਗ਼ਵਾਨੀ ਵਿਭਾਗ ਵੱਲੋਂ ਕਿਸਾਨਾਂ ਨਾਲ ਸੰਪਰਕ ਕਰਕੇ ਆਡਾਂ ਪਵਾਈਆਂ ਜਾ ਰਹੀਆਂ ਹਨ ਫਿਰ ਵੀ ਜੇ ਕੋਈ ਕਿਸਾਨ ਸੰਪਰਕ ਵਿੱਚ ਨਹੀਂ ਆਇਆ ਤਾਂ ਨੇੜਲੇ ਦਫਤਰ ਨਾਲ ਰਾਬਤਾ ਕਰਕੇ ਨਿਸ਼ਾਨੀਆਂ ਲਗਵਾ ਕੇ ਆਡਾਂ ਪਾ ਲਵੇ।ਵਿਭਾਗ ਵੱਲੋਂ ਪਹਿਲ ਦੇ ਆਧਾਰ ‘ਤੇ ਕੇਵਲ ਉਹਨਾਂ ਕਿਸਾਨਾਂ ਨੂੰ ਨਾਸ਼ਪਾਤੀ ਦੇ ਪੌਦੇ ਦਿੱਤੇ ਜਾ ਰਹੇ ਹਨ ਜੋ ਕਣਕ ਬੀਜਣ ਉਪਰੰਤ ਆਡਾਂ ਪਾ ਲੈਣਗੇ ਕਿਉਂਕਿ ਅਜਿਹਾ ਨਾ ਕਰਨ ਕਰਕੇ ਪੌਦੇ ਮਰ ਜਾਂਦੇ ਹਨ ਤੇ ਇੱਕ ਕੀਮਤੀ ਸਰਮਾਇਆ ਨਸ਼ਟ ਹੋ ਜਾਂਦਾ ਹੈ।